ਪਠਾਨਕੋਟ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ 'ਚ ਹੁਣ ਸੁਨੀਲ ਜੋਸ਼ੀ ਦੇ ਘਰ ਰੇਡ ਕੀਤੀ ਹੈ।ਜੋਸ਼ੀ ਦਾ ਪੰਜਾਬ ਕਾਂਗਰਸ 'ਚ ਚੰਗਾ ਰਸੂਖ ਹੈ।ਬੀਤੀ ਰਾਤ ਈਡੀ ਨੇ ਪਠਾਨਕੋਟ ਵਿੱਚ ਛਾਪੇਮਾਰੀ ਕੀਤੀ। ਈਡੀ ਨੇ ਪਿੰਡ ਬੁੰਗਲ ਵਿੱਚ ਰੇਤ ਕਾਰੋਬਾਰੀ ਦੇ ਘਰ ਦਸਤਕ ਦੇ ਦਿੱਤੀ।
ਈਡੀ ਨੇ ਸਾਰਾ ਰਿਕਾਰਡ ਆਪਣੇ ਕਬਜ਼ੇ 'ਚ ਲੈ ਲਿਆ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗੈਰ-ਕਾਨੂੰਨੀ ਰੇਤ ਮਾਈਨਿੰਗ ਤੇ 'ਰੇਤ ਮਾਫੀਆ' ਵਿੱਚ ਸ਼ਾਮਲ ਕੰਪਨੀਆਂ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਪੰਜਾਬ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਹੈ।
ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ ਪੰਜਾਬ ਵਿੱਚ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੇ ਨਕਦੀ ਜ਼ਬਤ ਕੀਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣ ਸੀ ਐਮ ਚੰਨੀ ਦੇ ਕਰੀਬੀਆਂ ਦੀ ਰਿਹਾਇਸ਼ ਤੇ ਕੀਤੀ ਛਾਪੇਮਾਰੀ ਦੌਰਾਨ 6 ਕਰੋੜ ਤੋਂ ਵੱਧ ਦੀ ਨਕਦੀ ਮਿਲੀ ਹੈ।
ਭੁਪਿੰਦਰ ਨਾਮ ਦੇ ਸ਼ਖਸ ਕੋਲੋਂ 4 ਕਰੋੜ ਰੁਪਏ ਨਕਦੀ, ਸ਼ੱਕੀ ਲੈਣ-ਦੇਣ ਨਾਲ ਸਬੰਧਤ ਬਹੁਤ ਸਾਰੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਦੀਪ ਕਪੂਰ ਦੀ ਰਿਹਾਇਸ਼ ਤੇ 2 ਕਰੋੜ ਰੁਪਏ ਬਰਾਮਦ ਹੋਏ ਹਨ।
ਪੂਰਾ ਮਾਮਲਾ 2018 ਦਾ ਦੱਸਿਆ ਜਾ ਰਿਹਾ ਹੈ ਜਦੋਂ ਰੇਤ ਦੀ ਗਰਕਨੂੰਨੀ ਮਾਈਨਿੰਗ ਦੇ ਲੈਣ ਦੇਣ 'ਚ ਇਹ ਛਾਪੇਮਾਰੀ ਕੀਤੀ ਗਈ ਸੀ, ਤੇ ਮੁਹਾਲੀ 'ਚ ਇਸ ਸਬੰਧੀ FIR ਹੋਈ ਸੀ ਹਾਲਾਂਕਿ ਇਸ ਮਾਮਲੇ 'ਚ ਗੈਰਕਾਨੂੰਨੀ ਮਾਈਨਿੰਗ ਬੰਦ ਕਰਵਾ ਦਿੱਤੀ ਗਈ ਸੀ ਪਰ ED ਵੱਲੋਂ ਹੁਣ ਪੰਜਾਬ ਭਰ 'ਚ ਇਹ ਰੇਡ ਕੀਤੀ ਗਈ ਹੈ।
ਉਧਰ, ਕਾਂਗਰਸ ਨੇ ਇਸ ਨੂੰ ਸਿਆਸੀ ਸਾਜਿਸ਼ ਕਰਾਰ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੀਜੇਪੀ ਸਰਕਾਰ ਨੇ ਬੁਖਲਾ ਕੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਸ ਤੋਂ ਡਰਨ ਵਾਲੀ ਨਹੀਂ।