Punjab Weather Update: ਪੰਜਾਬ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਸੂਬੇ ਦੇ ਕਈ ਹਿੱਸਿਆਂ ਅੰਦਰ ਅੱਜ ਵੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੀ। ਇਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਆਈਆਂ। ਟ੍ਰੈਫਿਕ ਪੁਲਿਸ ਨੇ ਧੁੰਦ ਵਿੱਚ ਸਾਵਧਾਨੀ ਵਰਤਣ ਦੀ ਹਦਾਇਤ ਜਾਰੀ ਕੀਤੀ ਹੈ। ਉਧਰ, ਮੌਸਮ ਵਿਭਾਗ ਅਨੁਸਾਰ ਅਗਲਾ ਹਫਤਾ ਮੌਸਮ ਖੁਸ਼ਕ ਰਹੇਗਾ ਪਰ ਧੁੰਦ ਇਸੇ ਤਰ੍ਹਾਂ ਜਾਰੀ ਰਹੇਗੀ। ਮੌਸਮ ਵਿਭਾਗ ਨੇ ਪੰਜਾਬ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।


ਵਿਭਾਗ ਮੁਤਾਬਕ ਪੰਜਾਬ ਦੇ ਮੌਸਮ 'ਤੇ ਨਵੀਂ ਪੱਛਮੀ ਗੜਬੜੀ ਦਾ ਅਸਰ ਪੈਣ ਵਾਲਾ ਹੈ ਪਰ ਮੀਂਹ ਨਹੀਂ ਪਵੇਗਾ। ਪੰਜਾਬ 'ਚ ਕੁਝ ਥਾਵਾਂ 'ਤੇ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਧੁੰਦ ਦੀ ਸਮੱਸਿਆ ਹੋਰ ਵਧੇਗੀ ਤੇ ਪਾਰਾ ਵੀ ਹੋਰ ਡਿੱਗੇਗਾ। ਇਸ ਦੇ ਨਾਲ ਹੀ ਸਿਹਤ ਮਾਹਿਰਾਂ ਨੇ ਠੰਢ ਵਿੱਚ ਬੱਚਿਆਂ ਤੇ ਬਜ਼ੁਰਗਾਂ ਲਈ ਖਾਸ ਐਡਵਾਈਜ਼ਰੀ ਜਾਰੀ ਕੀਤੀ ਹੈ।


ਹਾਸਲ ਜਾਣਕਾਰੀ ਮੁਤਾਬਕ ਲੰਘੇ ਦਿਨ ਜਲੰਧਰ 'ਚ ਵਿਜ਼ੀਬਿਲਟੀ ਸਿਰਫ 50 ਤੋਂ 200 ਮੀਟਰ ਰਹੀ, ਜਦੋਂਕਿ ਅੰਮ੍ਰਿਤਸਰ 'ਚ ਇਹ 200 ਤੋਂ 500 ਮੀਟਰ, ਲੁਧਿਆਣਾ 'ਚ 500 ਤੋਂ 1000 ਮੀਟਰ, ਬਠਿੰਡਾ 'ਚ 200 ਤੋਂ 500 ਮੀਟਰ ਤੇ ਪਟਿਆਲਾ 'ਚ 00-400 ਮੀਟਰ ਰਹੀ।



ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਦਿਨ ਦਾ ਤਾਪਮਾਨ ਆਮ ਦੇ ਨੇੜੇ ਹੀ ਰਹਿੰਦਾ ਹੈ। ਫਰੀਦਕੋਟ ਦਾ ਸਭ ਤੋਂ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਰਿਹਾ। ਹੋਰ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 7.0 ਡਿਗਰੀ, ਲੁਧਿਆਣਾ ਵਿੱਚ 10.1, ਪਟਿਆਲਾ ਵਿੱਚ 8.7, ਪਠਾਨਕੋਟ ਵਿੱਚ 7.8, ਜਲੰਧਰ ਵਿੱਚ 7.8, ਬਰਨਾਲਾ ਵਿੱਚ 5.8, ਫਤਿਹਗੜ੍ਹ ਸਾਹਿਬ ਵਿੱਚ 10.6 ਅਤੇ ਰੋਪੜ ਵਿੱਚ 6.0 ਡਿਗਰੀ ਦਰਜ ਕੀਤਾ ਗਿਆ।


ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 22.9 ਡਿਗਰੀ, ਲੁਧਿਆਣਾ ਦਾ 22.4, ਪਟਿਆਲਾ ਦਾ 23.6, ਪਠਾਨਕੋਟ ਦਾ 22.0, ਗੁਰਦਾਸਪੁਰ ਦਾ 22.0, ਜਲੰਧਰ ਦਾ 21.7 ਤੇ ਰੋਪੜ ਦਾ 22.1 ਡਿਗਰੀ ਦਰਜ ਕੀਤਾ ਗਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।