ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਤ ਨਿਸ਼ਾਨਾਂ ਹੇਠ ਲਿਖੇ ਸ਼ਿਕਾਇਤ ਪੱਤਰ ਨੂੰ ਫਰਜ਼ੀ ਪਾਇਆ ਗਿਆ ਹੈ। ਹੁਣ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐੱਸ. ਕਰੁਣਾ ਰਾਜੂ ਨੇ ਸ਼ਨੀਵਾਰ ਨੂੰ ਪੰਜਾਬ ਪੁਲਿਸ ਦੇ ਮੁਖੀ ਨੂੰ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਹੈੱਡ ’ਤੇ ਪੰਜਾਬ ਦੇ ਦੋ ਆਈਏਐੱਸ ਅਫ਼ਸਰਾਂ ਖਿਲਾਫ਼ ਝੂਠੀ ਸ਼ਿਕਾਇਤ ਕਰਨ ਵਾਲਿਆਂ ਖਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾਵੇ।
ਚੋਣ ਅਫ਼ਸਰ ਦੇ ਬੁਲਾਰੇ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਸਤਾਖਰ ਹੇਠ ਪਾਰਟੀ ਦੇ ਲੈਟਰਹੈੱਡ ਦੀ ਕਾਪੀ ਉੱਤੇ ਇੱਕ ਸ਼ਿਕਾਇਤ ਪੱਤਰ 23 ਮਾਰਚ ਨੂੰ ਪ੍ਰਾਪਤ ਹੋਇਆ ਸੀ, ਜਿਸ ’ਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਜਦੋਂ ਇਸ ਸ਼ਿਕਾਇਤ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਲਿਖਤੀ ਤੌਰ ’ਤੇ ਪੁੱਛਿਆ ਗਿਆ ਤਾਂ ਆਪਣੇ ਲਿਖਤੀ ਜਵਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਾ ਕੀਤੀ ਹੋਣ ਬਾਰੇ ਦੱਸਿਆ।