ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਪਰ ਤਰਸ ਆ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਮੁੱਖ ਮੰਤਰੀ ਚੰਨੀ ਨਾਲ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਵਿਵਹਾਰ ਤੋਂ ਬੇਹੱਦ ਦੁਖੀ ਹਨ। ਉਨ੍ਹਾਂ ਕਿਹਾ ਕਿ 'ਅਥਾਹ ਸਮਰੱਥਾ' ਹੋਣ ਦੇ ਬਾਵਜੂਦ ਮੁੱਖ ਮੰਤਰੀ ਨੂੰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਧੀਨ ਰੱਖਿਆ ਜਾ ਰਿਹਾ ਹੈ।


ਕੈਪਟਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਚੰਨੀ ਨੂੰ ਕਾਬਲੀਅਤ ਦੇ ਬਾਵਜੂਦ ਨਵਜੋਤ ਸਿੱਧੂ ਦੀ ਸਨਕ ਹੇਠਾਂ ਦਬਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਜਾਪਦਾ ਹੈ ਕਿ ਉਹ ਸਿਰਫ ਰਾਤ ਦੇ ਚੌਕੀਦਾਰ ਬਣ ਕੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਤਰਫੋਂ ਨਵਜੋਤ ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਥਾਪ ਕੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਹੇਠਾਂ ਲਾ ਦਿੱਤਾ ਗਿਆ ਹੈ ਜੋ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।


ਉਨ੍ਹਾਂ ਕਿਹਾ ਕਿ ਚੰਨੀ ਨੂੰ ਅਜਿਹੀ ਬੇਇੱਜ਼ਤੀ ਤੇ ਅਪਮਾਨ ਦਾ ਸਾਹਮਣਾ ਕਰਨ ਦੀ ਥਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਲੈਕਮੇਲਿੰਗ ਅੱਗੇ ਝੁਕ ਕੇ ਮੁੱਖ ਮੰਤਰੀ ਦੀ ਕਾਂਗਰਸ ਬੇਇੱਜ਼ਤੀ ਕਰ ਰਹੀ ਹੈ। ਕੈਪਟਨ ਨੇ ਕਿਹਾ, ‘ਚੰਨੀ ਅਖੀਰ ਵਿੱਚ ਰਾਤ ਦਾ ਚੌਕੀਦਾਰ ਬਣ ਕੇ ਰਹਿ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਹ ‘ਬੇਮਿਸਾਲ‘ ਹੈ ਕਿ ਇੱਕ ਮੁੱਖ ਮੰਤਰੀ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਧੀਨ ਰੱਖਿਆ ਗਿਆ ਹੈ। ਕਿਸੇ ਵੀ ਸਵੈ-ਮਾਣ ਵਾਲੇ ਨੇਤਾ ਨੂੰ ਅਜਿਹਾ ਅਪਮਾਨ ਸਵੀਕਾਰ ਨਹੀਂ ਕਰਨਾ ਚਾਹੀਦਾ।’’


ਦਰਅਸਲ ਕੁੱਲ ਹਿੰਦ ਕਾਂਗਰਸ ਕਮੇਟੀ ਨੇ ਸੋਮਵਾਰ ਨੂੰ ਪੰਜਾਬ ਕਾਂਗਰਸ ਦੀ ਪ੍ਰਦੇਸ਼ ਚੋਣ ਕਮੇਟੀ ਦਾ ਐਲਾਨ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੂਬਾਈ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਆਮ ਤੌਰ 'ਤੇ ਮੁੱਖ ਮੰਤਰੀ ਨੂੰ ਹੀ ਚੋਣ ਕਮੇਟੀ ਦਾ ਮੁਖੀ ਲਾਇਆ ਜਾਂਦਾ ਹੈ। ਇਸ ਕਮੇਟੀ ਵਿੱਚ ਵਜ਼ਾਰਤ ’ਚੋਂ ਥੋੜ੍ਹਾ ਸਮਾਂ ਪਹਿਲਾਂ ਹਟਾਏ ਗਏ ਵਜ਼ੀਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।


ਚੋਣ ਕਮੇਟੀ ਦੇ ਮੈਂਬਰਾਂ ਦੀ ਪੂਰੀ ਲਿਸਟ


ਚੋਣ ਕਮੇਟੀ ਦੇ ਮੈਂਬਰਾਂ ਦੀ ਸੂਚੀ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ, ਸੀਨੀਅਰ ਆਗੂ ਅੰਬਿਕਾ ਸੋਨੀ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਪ੍ਰਧਾਨ ਐਚਐਸ ਹੰਸਪਾਲ, ਮਹਿੰਦਰ ਸਿੰਘ ਕੇਪੀ, ਲਾਲ ਸਿੰਘ, ਕੇਐਲ ਸ਼ਰਮਾ, ਰਮਿੰਦਰ ਆਵਲਾ, ਕੁਲਜੀਤ ਨਾਗਰਾ, ਸੁਖਵਿੰਦਰ ਡੈਨੀ, ਪਵਨ ਗੋਇਲ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਸ਼ਾਮ ਸੁੰਦਰ ਅਰੋੜਾ, ਰਾਣਾ ਗੁਰਮੀਤ ਸਿੰਘ, ਸਾਧੂ ਸਿੰਘ ਧਰਮਸੋਤ, ਅਜੈਬ ਸਿੰਘ ਭੱਟੀ, ਨਵਤੇਜ ਚੀਮਾ, ਹਾਮਿਦ ਮਸੀਹ, ਡਾ.ਰਾਜ ਕੁਮਾਰ ਚੱਬੇਵਾਲ, ਬਲਵੀਰ ਰਾਣੀ ਸੋਢੀ, ਬਰਿੰਦਰ ਢਿੱਲੋਂ, ਅਕਸ਼ੈ ਸ਼ਰਮਾ, ਨਿਰਮਲ ਖਹਿਰਾ ਤੋਂ ਇਲਾਵਾ ਸਾਰੇ ਮੌਜੂਦਾ ਵਜ਼ੀਰਾਂ ਤੇ ਪਾਰਟੀ ਦੇ ਸੰਸਦ ਮੈਂਬਰ ਵੀ ਸ਼ਾਮਲ ਹਨ।



ਇਹ ਵੀ ਪੜ੍ਹੋ: Punjab Election 2022: ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਨੇ ਐਲਾਨ ਜਰਨੈਲ, ਆਖਰ ਪੌਣੇ ਦੋ ਸਾਲਾਂ ਮਗਰੋਂ ਹੋਇਆ ਫੈਸਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904