Punjab News: ਪੰਜਾਬ ਦੀਆਂ ਬਾਕੀ ਸੀਟਾਂ ਨਾਲ ਇਸ ਵਕਤ ਜਲੰਧਰ ਦੀ ਸੀਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਸ ਸੀਟ ਉੱਤੇ ਹੀ ਹੁਣ ਤੱਕ ਸਭ ਤੋਂ ਵੱਡਾ ਉਲਟਫੇਰ ਹੋਇਆ ਹੈ। ਇਸ ਸੀਟ ਉੱਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਚੋਣ ਲੜਨਾ ਤੈਅ ਮੰਨਿਆ ਜਾ ਰਿਹਾ ਹੈ ਬੱਸ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਚੰਨੀ ਨੇ ਜਲੰਧਰ ਦੇ ਸ੍ਰੀ ਗੁਰੂ ਤੇਗ ਬਹਾਦੁਰ ਨਗਰ ਵਿੱਚ ਕਿਰਾਏ ਉੱਤੇ ਘਰ ਲੈ ਲਿਆ ਹੈ।
ਲੀਡਰਾਂ ਨੇ ਜਲੰਧਰ ਦੇ ਲੋਕ ਵੀ ਉਲਝਾਏ !
ਜ਼ਿਕਰ ਕਰ ਦਈਏ ਕਿ ਕੁਝ ਦਿਨ ਪਹਿਲਾਂ ਤੋਂ ਜਲੰਧਰ ਤੋਂ ਆਪ ਦੇ ਮੌਜੂਦ ਸੰਸਦ ਤੇ ਉਮੀਦਵਾਰ ਸੁਸ਼ੀਲ ਰਿੰਕੂ. ਵਿਧਾਇਕ ਸ਼ੀਤਲ ਅੰਗੂਰਾਲ ਨਾਲ ਆਪ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਜਿੱਥੋਂ ਰਿੰਕੂ ਨੂੰ ਮੁੜ ਭਾਜਪਾ ਨੇ ਜਲੰਧਰ ਤੋਂ ਉਮੀਦਵਾਰ ਬਣਾਇਆ ਹੈ। ਹੁਣ ਚਰਚਾਵਾਂ ਹਨ ਕਿ ਕਾਂਗਰਸ ਵਿਧਾਇਕ ਵਿਕਰਮਜੀਤ ਚੌਧਰੀ ਤੇ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
ਕਈ ਨੇ ਜਲੰਧਰ ਤੋਂ ਦਾਅਵੇਦਾਰ ਪਰ ਚੰਨੀ ਮਾਰਨਗੇ ਬਾਜ਼ੀ !
ਜਲੰਧਰ ਦੀ ਲੋਕ ਸਭਾ ਸੀਟ ਲਈ ਕਈ ਲੀਡਰ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ ਜਿਨ੍ਹਾਂ ਵਿੱਚ ਮੌਜੂਦ ਦਾਅਵੇਦਾਰੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੀ ਸੀ ਪਰ ਪਿਛਲੇ ਦਿਨਾਂ ਵਿੱਚ ਬਦਲੇ ਸਿਆਸੀ ਸਮੀਕਰਨਾਂ ਤੋਂ ਤਕਰੀਬਨ ਇਹ ਤੈਅ ਹੋ ਗਿਆ ਹੈ ਕਿ ਕਾਂਗਰਸ ਇੱਥੋਂ ਹੁਣ ਚੌਧਰੀ ਪਰਿਵਾਰ ਉੱਤੇ ਦਾਅ ਨਹੀਂ ਖੇਡੇਗੀ। ਕਾਂਗਰਸ ਵੱਲੋਂ ਇੱਥੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ।
ਜਲੰਧਰ ਦੀ ਜ਼ਿਮਨੀ ਚੋਣ ਨੇ ਬਦਲੀ ਕਾਂਗਰਸ ਦੀ ਰਣਨੀਤੀ
2023 ਵਿੱਚ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਹੋਈ ਜ਼ਿਮਨੀ ਚੋਣ ਵਿੱਚ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਬਣਾਇਆ ਗਿਆ ਸੀ ਹਾਲਾਂਕਿ ਉਸ ਵੇਲੇ ਉਹ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਗਏ ਸੁਸ਼ੀਲ ਕੁਮਾਰ ਰਿੰਕੂ ਤੋਂ ਹਾਰ ਗਏ ਸੀ। ਇਹ ਵੀ ਜ਼ਿਕਰ ਕਰ ਦਈਏ ਕਿ ਜਲੰਧਰ ਦੀ ਸੀਟ ਰਿਜ਼ਰਵ ਹੈ ਤੇ ਇੱਥੇ ਦਲਿਤ ਵੋਟ ਸਭ ਤੋਂ ਵੱਧ ਹੈ ਜਿਸ ਕਰਕੇ ਕਾਂਗਰਸ ਚਰਨਜੀਤ ਚੰਨੀ ਨੂੰ ਦਲਿਤਾਂ ਦੀ ਲੀਡਰ ਮੰਨਕੇ ਦਾਅ ਖੇਡ ਰਹੀ ਹੈ।