ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਘਿਰ ਗਏ ਹਨ। ਮਾਈਨਿੰਗ ਮਾਮਲੇ ’ਚ ਨਾਂ ਆਉਣ ਮਗਰੋਂ ਈਡੀ ਨੇ ਚਰਨਜੀਤ ਚੰਨੀ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਈਡੀ ਨੇ ਚੰਨੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਸੀ ਜਿਸ ਮਗਰੋਂ ਉਹ ਅੱਜ ਕੇਂਦਰੀ ਏਜੰਸੀ ਸਾਹਮਣੇ ਪੇਸ਼ ਹੋਏ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਈਡੀ ਨੇ ਰਾਜ ਵਿੱਚ ਰੇਤ ਮਾਈਨਿੰਗ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਵਿੱਚ ਛੇ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ ਪੜਤਾਲ ਕੀਤੀ। ਕੇਂਦਰੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ 59 ਸਾਲਾ ਕਾਂਗਰਸੀ ਆਗੂ ਦੇ ਬਿਆਨ ਦਰਜ ਕੀਤੇ।
ਚੰਨੀ ਬੁੱਧਵਾਰ ਦੇਰ ਰਾਤ ਜਲੰਧਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਜ਼ੋਨਲ ਦਫ਼ਤਰ ਤੋਂ ਬਾਹਰ ਆਏ। ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ਼ ਹਨੀ ਨੂੰ 20 ਫਰਵਰੀ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਏਜੰਸੀ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਬਾਅਦ ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਮੈਨੂੰ ਈਡੀ ਨੇ ਕੱਲ੍ਹ ਮਾਈਨਿੰਗ ਮਾਮਲੇ 'ਚ ਸੰਮਨ ਭੇਜਿਆ ਸੀ। ਮੈਂ ਹਾਜ਼ਰੀ ਭਰੀ ਤੇ ਉਨ੍ਹਾਂ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮਾਮਲੇ 'ਚ ਇੱਕ ਚਲਾਨ ਈਡੀ ਵੱਲੋਂ ਪਹਿਲਾਂ ਹੀ ਅਦਾਲਤ 'ਚ ਪੇਸ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਮੈਨੂੰ ਅਧਿਕਾਰੀਆਂ ਨੇ ਦੁਬਾਰਾ ਨਹੀਂ ਬੁਲਾਇਆ।
ਦਰਅਸਲ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੋਂ ਈਡੀ ਦੀ ਟੀਮ ਨੇ 10 ਕਰੋੜ ਰੁਪਏ ਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਸੀ ਜਿਸ ਤੋਂ ਬਾਅਦ ਈਡੀ ਹਰਕਤ 'ਚ ਆਈ।
ਇਸ ਮਾਮਲੇ ’ਚ 30 ਮਾਰਚ ਨੂੰ ਈਡੀ ਦੀ ਟੀਮ ਨੇ ਹਨੀ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕੀਤਾ ਸੀ। ਇਸ ਤੋਂ ਬਾਅਦ 6 ਅਪ੍ਰੈਲ ਨੂੰ ਜਲੰਧਰ ਸਥਿਤ ਈਡੀ ਦੀ ਵਿਸ਼ੇਸ਼ ਅਦਾਲਤ ’ਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਹਨੀ ਨੂੰ ਜੇਲ੍ਹ ’ਚ ਭੇਜ ਦਿੱਤਾ ਗਿਆ ਸੀ।
ਹਨੀ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਮਾਸੜ ਚਰਨਜੀਤ ਸਿੰਘ ਚੰਨੀ ਦੇ ਇਸ਼ਾਰੇ ’ਤੇ ਨਾਜਾਇਜ਼ ਮਾਈਨਿੰਗ ਕਰਵਾ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਬਦਲੇ ’ਚ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਈਡੀ ਦੀ ਟੀਮ ਨੇ ਹਨੀ ਦੇ ਲੁਧਿਆਣਾ ਸਮੇਤ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ 10 ਕਰੋੜ ਬਰਾਮਦ ਕੀਤੇ ਸਨ।