Punjab News: ਪੰਜਾਬ ਸਰਕਾਰ ਵੱਲੋਂ ਲੰਘੇ ਕੱਲ੍ਹ ਸ਼ਹੀਦ ਊਧਮ ਸਿੰਘ ਜੀ ਦੇ 86ਵੇਂ ਸ਼ਹੀਦੀ ਦਿਹਾੜੇ ਮੌਕੇ ਰੱਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਅਰਵਿੰਦ ਕੇਜਰੀਵਾਲ ਤੇ ਹੋਰ ਵੀ ਸੀਨੀਅਰ ਲੀਡਰ ਮੌਜੂਦ ਸਨ। ਇਸ ਮੌਕੇ ਉਦਘਾਟਨ ਵੀ ਕੀਤੇ ਗਏ ਪਰ ਉਦਘਾਟਨ ਦੇ ਪੱਥਰਾਂ ਉੱਤੇ ਅਰਵਿੰਦ ਕੇਜਰੀਵਾਲ ਦੇ ਨਾਂਅ ਨੂੰ ਲੈ ਕੇ ਮੁੜ ਤੋਂ ਵਿਵਾਦ ਸ਼ੁਰੂ ਹੋ ਗਿਆ ਹੈ।
ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਲਿਖਿਆ, ਪੰਜਾਬ ਵਿੱਚ ਸੜਕ ਦੇ ਨਾਮ ਬਦਲਣ ਦਾ ਉਦਘਾਟਨ ਹੋ ਰਿਹਾ ਹੈ, ਦਿੱਲੀ ਦੇ ਸਾਬਕਾ ਵਿਧਾਇਕ ਅੱਗੇ ਚੱਲ ਰਹੇ ਹਨ, ਪੰਜਾਬ ਦੇ ਮੁੱਖ ਮੰਤਰੀ ਪੀਏ ਵਾਂਗ ਪਿੱਛੇ ਆ ਰਹੇ ਹਨ।
ਸਰਕਾਰੀ ਖਰਚੇ 'ਤੇ ਬਣੇ ਉਦਘਾਟਨੀ ਤਖ਼ਤੀ 'ਤੇ, ਦਿੱਲੀ ਦੇ ਸਾਬਕਾ ਵਿਧਾਇਕ ਦਾ ਨਾਮ ਪਹਿਲਾਂ ਲਿਖਿਆ ਗਿਆ ਹੈ, ਮੁੱਖ ਮੰਤਰੀ ਦਾ ਨਾਮ ਬਾਅਦ ਵਿੱਚ ਲਿਖਿਆ ਗਿਆ ਹੈ। ਹੁਣ ਤੱਕ ਸੰਵਿਧਾਨ ਵਿੱਚ ਸੁਪਰ ਸੀਐਮ ਦਾ ਕੋਈ ਅਹੁਦਾ ਨਹੀਂ ਹੈ... ਇਹ ਸਭ ਚੰਗਾ ਨਹੀਂ ਲਗਦਾ, ਪੰਜਾਬ 'ਤੇ ਕੁਝ ਰਹਿਮ ਕਰੋ।
ਦੱਸ ਦਈਏ ਕਿ ਲੰਘੇ ਦਿਨ ਭਗਵੰਤ ਮਾਨ ਨੇ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ ਸੀ, ਅੱਜ ਸੁਨਾਮ ਊਧਮ ਸਿੰਘ ਵਾਲਾ ਵਿਖੇ ਸੂਰਬੀਰ ਯੋਧੇ ਸ਼ਹੀਦ ਊਧਮ ਸਿੰਘ ਜੀ ਦੇ 86ਵੇਂ ਸ਼ਹੀਦੀ ਦਿਹਾੜੇ ਮੌਕੇ ਰੱਖੇ ਰਾਜ ਪੱਧਰੀ ਸਮਾਗਮ 'ਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਸ਼ਿਰਕਤ ਕੀਤੀ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਭਵਾਨੀਗੜ੍ਹ-ਸੁਨਾਮ-ਭੀਖੀ-ਕੋਟਸ਼ਮੀਰ ਸੜਕ ਦਾ ਨਾਮ 'ਸ਼ਹੀਦ ਊਧਮ ਸਿੰਘ ਮਾਰਗ' ਰੱਖਣ ਦਾ ਰਸਮੀ ਤੌਰ 'ਤੇ ਐਲਾਨ ਕੀਤਾ। ਸੁਨਾਮ ਹਲਕੇ ਦੇ ਵਿਕਾਸ ਲਈ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਜਿਸ ਨੂੰ ਤੈਅ ਸਮੇਂ 'ਚ ਮੁਕੰਮਲ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ।