ਬਟਾਲਾ: ਪਿੰਡ ਢਿਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦੇ ਕਤਲ ਕੇਸ ਵਿੱਚ ਬਟਾਲਾ ਪੁਲਿਸ ਨੇ ਇੱਕ ਮੁਲਜ਼ਮ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਦਾਲਮ ਨੰਗਲ ਨੂੰ ਬੀਤੀ ਰਾਤ ਮਹਾਂਰਾਸ਼ਟਰ ਦੇ ਜ਼ਿਲ੍ਹਾ ਪਰਬਾਨੀ ਦੇ ਪੂਰਨਾ ਰੇਲਵੇ ਸ਼ਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਹਜ਼ੂਰ ਸਾਹਿਬ (ਨਾਂਦੇੜ) ਨੂੰ ਜਾ ਰਿਹਾ ਸੀ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਮੁੱਖੀ ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਬੀਤੀ 18 ਨਵੰਬਰ ਨੂੰ ਪਿੰਡ ਢਿਲਵਾਂ ਵਿਖੇ ਕੁਝ ਵਿਅਕਤੀਆਂ ਵਲੋਂ ਸਾਬਕਾ ਸਰਪੰਚ ਦਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਉੱਪਰ ਕਾਰਵਾਈ ਕਰਦਿਆਂ ਦੋਸ਼ੀਆਂ ਖਿਲਾਫ਼ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਮੁਕੱਦਮਾ ਨੰਬਰ 36, ਮਿਤੀ 19-11-2019 ਨੂੰ ਜੁਰਮ 302, 148, 149 ਭ.ਦ, 25, 27-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਗ੍ਰਿਫ਼ਤਾਰੀ ਤੋਂ ਡਰਦੇ ਓਦੋਂ ਦੇ ਫਰਾਰ ਚੱਲ ਰਹੇ ਸੀ।

ਐਸਐਸਪੀ ਬਟਾਲਾ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਵੀ ਇਸ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਸੀ। ਠੋਸ ਸੂਚਨਾ ਦੇ ਅਧਾਰ ’ਤੇ ਜਸਬੀਰ ਸਿੰਘ ਰਾਏ, ਐੱਸਪੀ ਸਥਾਨਕ ਬਟਾਲਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਉਸ ਦੀ ਗ੍ਰਿਫ਼ਤਾਰੀ ਲਈ ਮਹਾਂਰਾਸ਼ਟਰ ਭੇਜੀ ਗਈ ਸੀ।

ਮੁਲਜ਼ਮ ਨੂੰ ਜਲਦ ਪੰਜਾਬ ਲਿਆਂਦਾ ਜਾ ਰਿਹਾ ਹੈ। ਐਸਐਸਪੀ ਬਟਾਲਾ ਨੇ ਕਿਹਾ ਬਾਕੀ ਮੁਲਜ਼ਮਾਂ ਦੀ ਭਾਲ ਵੀ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।