Punjab News: ਤਕਰੀਬਨ ਪਿਛਲੇ ਅੱਠ ਮਹੀਨੇ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਕਿਰਾਏ ਦੇ ਮਕਾਨ ' ਚ ਰਹਿ ਰਹੇ ਇੱਕ ਨੌਸਰਬਾਜ਼ ਤੇ ਉਸਦੇ ਪਰਿਵਾਰ ਵੱਲੋ ਸ਼ਹਿਰ ਦੇ ਵੱਖ-ਵੱਖ ਲੋਕਾਂ ਨਾਲ ਤਕਰੀਬਨ 50 ਲੱਖ ਦੀ ਠੱਗੀ ਮਾਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਹੰਗ ਦੇ ਬਾਣੇ ਵਿੱਚ ਪਿਛਲੇ ਕੁਝ ਸਮੇਂ ਤੋਂ ਏਥੇ ਰਹਿੰਦੇ ਹਰਸਿਮਰਨਜੀਤ ਸਿੰਘ, ਮਹਾਂਵੀਰ ਸਿੰਘ ਤੇ ਅੰਮ੍ਰਿਤਪਾਲ ਕੌਰ ਵੱਲੋਂ ਜਿੱਥੇ ਸਤਪਾਲ ਜਵੈਲਰ ਦੇ ਮਾਲਕ ਨਾਲ ਤਕਰੀਬਨ 4.5 ਲੱਖ ਦੀ ਠੱਗੀ ਮਾਰੀ ਗਈ ਉੱਥੇ ਹੀ ਸ਼ਹਿਰ ਦੇ ਇਕ ਹੋਰ ਨਾਮਵਰ ਜਵੈਲਰ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ। ਬੇਸ਼ੱਕ ਇਸ ਮਾਮਲੇ ਦਾ ਪਤਾ ਸਤਪਾਲ ਜਵੈਲਰ ਦੇ ਮਾਲਕ ਵੱਲੋ ਸਥਾਨਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਲੱਗਾ ਹੈ ਪਰ ਠੱਗੀ ਦਾ ਸ਼ਿਕਾਰ ਹੋਏ ਬਹੁਤੇ ਲੋਕ ਅਜੇ ਵੀ ਡਰ ਤੇ ਸ਼ਰਮ ਦੇ ਮਾਰੇ ਪੁਲਿਸ ਨਾਲ ਸੰਪਰਕ ਨਹੀਂ ਕਰ ਰਹੇ ਹਨ।
ਸਤਪਾਲ ਜਵੈਲਰ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ 17 ਤਰੀਕ ਨੂੰ ਉਕਤ ਨੌਸਰਬਾਜ਼ ਦੀ ਪਤਨੀ ਉਨ੍ਹਾਂ ਦੀ ਦੁਕਾਨ 'ਤੇ ਗਹਿਣੇ ਖ਼ਰੀਦਣ ਆਈ ਤੇ ਕੇਵਲ 20 ਹਜ਼ਾਰ ਰੁਪਏ ਦੇ ਕੇ 4.5 ਲੱਖ ਦੇ ਗਹਿਣੇ ਖ਼ਰੀਦ ਕੇ ਬਾਕੀ ਬਚਦੇ ਪੈਸੇ ਅਗਲੇ ਦਿਨ ਦੇਣ ਲਈ ਆਖ ਗਈ। ਉਨ੍ਹਾਂ ਕਿਹਾ ਕਿ ਜਦੋਂ ਉਕਤ ਔਰਤ ਅਗਲੇ ਦਿਨ ਵੀ ਪੈਸੇ ਦੇਣ ਲਈ ਵਾਪਸ ਨਹੀਂ ਪਰਤੀ ਫੇਰ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਜਦੋਂ ਉਹ ਉਕਤ ਨੌਸਰਬਾਜ਼ ਪਰਿਵਾਰ ਦੇ ਕਿਰਾਏ ਦੇ ਘਰ ਪੁੱਛ ਪੜਤਾਲ ਕਰਨ ਪੁੱਜੇ ਤਾਂ ਉੱਥੇ ਜਾ ਕੇ ਪਤਾ ਚੱਲਿਆ ਕਿ ਇਹ ਪੂਰਾ ਪਰਿਵਾਰ ਉਥੋਂ ਰਫੂ ਚੱਕਰ ਹੋ ਚੁੱਕਾ ਸੀ।
ਉਨ੍ਹਾਂ ਕਿਹਾ ਕਿ ਛਾਣਬੀਣ ਤੇ ਪਤਾ ਚੱਲਾ ਕਿ ਜਦੋਂ ਇਹ ਪਰਿਵਾਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਇਆ ਸੀ ਉਸ ਸਮੇਂ ਹਰਸਿਮਰਨਜੀਤ ਸਿੰਘ ਤੇ ਮਹਾਂਵੀਰ ਸਿੰਘ ਸਿਰ ਤੋਂ ਮੋਨੇ ਸਨ ਪਰ ਕੁਝ ਸਮੇਂ ਬਾਅਦ ਦੋਨਾਂ ਵੱਲੋਂ ਨਾ ਕੇਵਲ ਆਪਣੇ ਕੇਸ ਵਧਾਏ ਗਏ ਸਗੋਂ ਨਿਹੰਗ ਸਿੰਘਾਂ ਦਾ ਬਾਣਾ ਵੀ ਧਾਰਨ ਕੀਤਾ ਕੀਤਾ।
ਅਮਰਜੀਤ ਸਿੰਘ ਨੇ ਕਿਹਾ ਕਿ ਹਰ ਰੋਜ਼ ਗੁਰਦੁਆਰਾ ਸਾਹਿਬ ਮਿਲਣ ਕਰਕੇ ਅਤੇ ਨਿਹੰਗ ਸਿੰਘ ਬਾਣਾ ਧਾਰਨ ਕੀਤਾ ਹੋਣ ਕਰਕੇ ਉਹ ਇਸ ਨੌਸਰਬਾਜ਼ ਪਰਿਵਾਰ ਦੀਆਂ ਗੱਲਾਂ ਵਿਚ ਆ ਗਏ ਤੇ ਜਿਸ ਕਰਕੇ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਇਸ ਤੋਂ ਇਲਾਵਾ ਉਕਤ ਨੌਸਰਬਾਜ਼ ਨੇ ਸ਼ਹਿਰ ਦੇ ਇੱਕ ਨਾਮਵਰ ਰਾਜਨੀਤਿਕ ਆਗੂ ਦੇ ਪੁੱਤਰ ਮੱਖਣ ਸਿੰਘ ਨੂੰ ਕਨੇਡਾ ਭੇਜਣ ਦੇ ਨਾਂਅ ਤੇ ਤਕਰੀਬਨ 1.30 ਲੱਖ ਰੁਪਏ ਤੇ ਉਸਦਾ ਪਾਸਪੋਰਟ ਵੀ ਲੈ ਲਿਆ। ਜਾਣਕਾਰੀ ਮੁਤਾਬਿਕ ਇਸ ਨੌਸਰਬਾਜ਼ ਨੇ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਤੋਂ ਉਸਦੇ ਪਰਿਵਾਰ ਨੂੰ ਕਨੇਡਾ ਭੇਜਣ ਦੇ ਨਾਂਅ ਤੇ 31 ਲੱਖ ਰੁਪਏ ਤੇ ਸਾਰੇ ਪਰਿਵਾਰ ਦੇ ਪਾਸਪੋਰਟ ਵੀ ਲੈ ਲਏ।
ਇਸੇ ਤਰ੍ਹਾਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ, ਇੱਕ ਹੋਰ ਦੁਕਾਨਦਾਰ ਕੋਲੋ ਕੈਨੇਡਾ ਭੇਜਣ ਦੇ ਨਾਂਅ 'ਤੇ ਤਕਰੀਬਨ ਸੱਤ ਤੋਂ ਅੱਠ ਲੱਖ ਰੁਪਏ ਤੇ ਪਾਸਪੋਰਟ ਲੈਣ ਤੋਂ ਬਾਅਦ ਇਹ ਨੌਸਰਬਾਜ਼, ਉਸਦੀ ਪਤਨੀ, ਬੱਚੇ ਤੇ ਭਰਾ ਸ਼ਹਿਰ ਛੱਡ ਕੇ ਰਫੂ ਚੱਕਰ ਹੋ ਗਏ। ਅਜੇ ਇਹ ਮਾਮਲਾ ਆਮ ਲੋਕਾਂ ਤੱਕ ਨਹੀਂ ਪੁੱਜ ਤੇ ਉਮੀਦ ਹੈ ਕਿ ਇਸ ਨੌਸਰਬਾਜ਼ ਪਰਿਵਾਰ ਵੱਲੋ ਸ਼ਿਕਾਰ ਬਣੇ ਲੋਕ ਖ਼ਬਰ ਨਸ਼ਰ ਹੋਣ ਤੋਂ ਬਾਅਦ ਅੱਗੇ ਆਉਣ।
ਉਧਰ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਐਸਐਚਓ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਕੇਵਲ ਸਤਪਾਲ ਜਵੈਲਰ ਦੇ ਮਾਲਕ ਅਮਰਜੀਤ ਸਿੰਘ ਵੱਲੋ ਲਿਖਤੀ ਸ਼ਿਕਾਇਤ ਦਿੱਤੀ ਗਈ ਜਿਸਦੇ ਅਧਾਰ 'ਤੇ ਕਥਿਤ ਦੋਸ਼ੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।