ਚੰਡੀਗੜ੍ਹ: ਲੋਕਾਂ ਨੂੰ ਚੋਰੀ-ਠੱਗੀ ਤੋਂ ਬਚਾਉਣ ਵਾਲੀ ਪੁਲਿਸ ਜਦੋਂ ਆਪ ਹੀ ਠੱਗੀ ਜਾਵੇ ਤਾਂ ਸਵਾਲ ਉੱਠਣੇ ਲਾਜ਼ਮੀ ਹਨ। ਅਜਿਹਾ ਸਨਸਨੀਖੇਜ਼ ਮਾਮਲਾ ਸੰਗਰੂਰ ਵਿੱਚ ਵੇਖਣ ਨੂੰ ਮਿਲਿਆ। ਇੱਥੇ ਅਸਲੀ ਥਾਣੇਦਾਰ ਨੂੰ ਨਕਲੀ ਥਾਣੇਦਾਰ ਨੇ ਲੁੱਟ ਲਿਆ। ਪੰਜਾਬ ਪੁਲਿਸ ਦਾ ਸਹਾਇਕ ਥਾਣੇਦਾਰ ਨੇ ਆਪਣੇ ਲੜਕੇ ਨੂੰ ਸਿਪਾਹੀ ਭਰਤੀ ਕਰਾਉਣ ਦੇ ਝਾਂਸੇ ਵਿੱਚ ਪੰਜ ਲੱਖ ਰੁਪਏ ਦੀ ਠੱਗੀ ਮਰਵਾ ਲਈ। ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਤੋਂ ਪੈਸੇ ਲੈਣ ਵਾਲਾ ਅਸਲੀ ਨਹੀਂ ਬਲਕਿ ਨਕਲੀ ਥਾਣੇਦਾਰ ਹੈ।


ਦਰਅਸਲ ਮੁਲਜ਼ਮ ਖੁਦ ਨੂੰ ਸਬ ਇੰਸਪੈਕਟਰ ਤੇ ਆਪਣੀ ਪਤਨੀ ਨੂੰ ਡੀਜੀਪੀ ਦਫ਼ਤਰ ਦੀ ਮੁਲਾਜ਼ਮ ਦੱਸਦਾ ਸੀ। ਇਸ ਕਾਰਨ ਸਹਾਇਕ ਥਾਣੇਦਾਰ ਉਸ ’ਤੇ ਭਰੋਸਾ ਕਰ ਬੈਠਾ। ਮੁਲਜ਼ਮ ਜੋੜੇ ਨੇ ਸਹਾਇਕ ਥਾਣੇਦਾਰ ਦੇ ਲੜਕੇ ਨੂੰ ਸਿਪਾਹੀ ਭਰਤੀ ਕਰਾਉਣ ਦਾ ਝਾਂਸਾ ਹੀ ਨਹੀਂ ਦਿੱਤਾ ਸਗੋਂ ਜਾਅਲੀ ਜੁਆਇਨਿੰਗ ਪੱਤਰ ਵੀ ਦੇ ਦਿੱਤਾ। ਸ਼ਿਕਾਇਤ ਮਗਰੋਂ ਥਾਣਾ ਸਦਰ ਪੁਲਿਸ ਨੇ ਮੁਲਜ਼ਮ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਪੁਲਿਸ ’ਚ ਤਾਇਨਾਤ ਸਹਾਇਕ ਥਾਣੇਦਾਰ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਕਰੀਬ ਦੋ ਸਾਲ ਪਹਿਲਾਂ ਉਸ ਦੀ ਮੁਲਾਕਾਤ ਹਰਿੰਦਰ ਸਿੰਘ ਉਰਫ਼ ਬੱਬੂ ਨਾਲ ਹੋਈ ਸੀ, ਜੋ ਅਕਸਰ ਹੀ ਕੇਸਾਂ ਦੇ ਨਿਪਟਾਰੇ ਸਬੰਧੀ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਵਿੱਚ ਆਉਂਦਾ-ਜਾਂਦਾ ਸੀ। ਬੱਬੂ ਨੇ ਦੱਸਿਆ ਸੀ ਕਿ ਉਹ ਖੁਫ਼ੀਆ ਵਿਭਾਗ ਵਿੱਚ ਕੰਮ ਕਰ ਰਿਹਾ ਹੈ ਤੇ ਕਈ ਕੰਮ ਖੁਫ਼ੀਆ ਵਿਭਾਗ ਪੁਲਿਸ ਨੂੰ ਦਿੱਤੇ ਹਨ, ਜਿਸ ਕਰਕੇ ਉਸ ਨੂੰ ਬਤੌਰ ਸਬ ਇੰਸਪੈਕਟਰ ਭਰਤੀ ਕਰ ਲਿਆ ਹੈ।

ਸ਼ਿਕਾਇਤਕਰਤਾ ਅਨੁਸਾਰ ਹਰਿੰਦਰ ਸਿੰਘ ਉਰਫ਼ ਬੱਬੂ ਨੇ ਉਸ ਨੂੰ ਸਬ ਇੰਸਪੈਕਟਰ ਦਾ ਆਈਕਾਰਡ ਵੀ ਦਿਖਾਇਆ। ਉਸ ਨੇ ਦੱਸਿਆ ਸੀ ਕਿ ਉਸ ਦੀ ਉਚ ਅਧਿਕਾਰੀਆਂ ਨਾਲ ਕਾਫ਼ੀ ਜਾਣ ਪਛਾਣ ਹੈ। ਉਹ ਕਿਸੇ ਨੂੰ ਵੀ ਪੁਲਿਸ ਵਿੱਚ ਭਰਤੀ ਕਰਵਾ ਸਕਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਇਸ ਦੀਆਂ ਗੱਲਾਂ ਵਿੱਚ ਆ ਗਿਆ। ਮੁਲਜ਼ਮ ਨੇ ਉਸ ਨੂੰ ਕਿਹਾ ਕਿ ਉਹ ਉਸ ਦੇ ਲੜਕੇ ਨੂੰ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਕਰਵਾ ਦੇਵੇਗਾ। ਭਰਤੀ ਕਰਵਾਉਣ ਲਈ 8 ਲੱਖ 37 ਹਜ਼ਾਰ ਰੁਪਏ ਖਰਚ ਆਵੇਗਾ ਤੇ ਸਾਰੀ ਜ਼ਿੰਮੇਵਾਰੀ ਉਸ ਦੀ ਹੋਵੇਗੀ।

ਇੱਕ ਦਿਨ ਉਸ ਨੂੰ ਫੋਨ ਕਰਕੇ ਅਰਬਨ ਅਸਟੇਟ ਪਟਿਆਲਾ ਬੁਲਾਇਆ ਜਿਥੇ ਇੱਕ ਮੈਡਮ ਮੌਜੂਦ ਸੀ। ਉਸ ਨੂੰ ਦੱਸਿਆ ਕਿ ਮੈਡਮ ਡੀਜੀਪੀ ਦਫ਼ਤਰ ਲੱਗੀ ਹੋਈ ਹੈ। ਇਨ੍ਹਾਂ ਨੇ ਹੀ ਤੁਹਾਡਾ ਕੰਮ ਕਰਨਾ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਕੁੱਲ 8 ਲੱਖ 37 ਹਜ਼ਾਰ ਰੁਪਏ ਉਕਤ ਹਰਿੰਦਰ ਸਿੰਘ ਉਰਫ਼ ਬੱਬੂ ਤੇ ਉਕਤ ਨਵ ਮੈਡਮ ਨੂੰ ਵੱਖ-ਵੱਖ ਤਾਰੀਕਾਂ ਵਿੱਚ ਦੇ ਦਿੱਤੇ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਅਜੇ ਤੱਕ ਉਸ ਦੇ ਲੜਕੇ ਨੂੰ ਪੰਜਾਬ ਪੁਲਿਸ ਵਿਚ ਭਰਤੀ ਨਹੀਂ ਕਰਵਾਇਆ।

ਉਸ ਵੱਲੋਂ ਜ਼ੋਰ ਪਾਉਣ ’ਤੇ ਉਨ੍ਹਾਂ ਨੇ ਜਾਅਲੀ ਜੁਆਇਨਿੰਗ ਪੱਤਰ ਰੂਪਨਗਰ ਜ਼ਿਲ੍ਹੇ ਦਾ ਦੇ ਦਿੱਤਾ। ਜਦੋਂ ਉਹ ਜੁਆਇਨਿੰਗ ਕਰਨ ਜਾਣ ਲੱਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਪਰ ਅਫ਼ਸਰਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਹੈ, ਉਹ ਅਜੇ ਜੁਆਇਨ ਨਾ ਕਰਨ। ਬਾਅਦ ਵਿੱਚ ਮੁਲਜ਼ਮ ਬੱਬੂ ਨੇ ਇੱਕ ਹੋਰ ਜਾਅਲੀ ਜੁਆਇਨਿੰਗ ਪੱਤਰ ਦੇ ਦਿੱਤਾ ਪਰ ਉਨ੍ਹਾਂ ਦਾ ਕੰਮ ਨਹੀਂ ਬਣਿਆ। ਉਪਰੰਤ ਮੁਲਜ਼ਮਾਂ ਨੇ 3 ਲੱਖ ਵਾਪਸ ਕਰ ਦਿੱਤੇ। ਹੁਣ ਉਨ੍ਹਾਂ ਵੱਲ ਉਸ ਦਾ 5 ਲੱਖ 37 ਹਜ਼ਾਰ ਰੁਪਏ ਬਕਾਇਆ ਹੈ।