Punjab News: ਜਥੇਦਾਰ ਗੜਗੱਜ ਤੋਂ ਲੈ ਕੇ ਐਡਵੋਕੇਟ ਧਾਮੀ ਵੱਲੋਂ ਗਿਆਨੀ ਰਘਬੀਰ ਸਿੰਘ ਨਾਲ ਦਿੱਲੀ ਹਵਾਈ ਅੱਡੇ 'ਤੇ ਹੋਏ ਦੁਰਵਿਵਹਾਰ ਦੀ ਸਖਤ ਸ਼ਬਦਾਂ 'ਚ ਕੀਤੀ ਨਿੰਦਾ
ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੰਘ ਸਾਹਿਬ ਸਿੱਖ ਕੌਮ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਹਨ ਅਤੇ ਦੇਸ਼ ਵਿਦੇਸ਼ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ।

ਨਵੀਂ ਦਿੱਲੀ ਦੇ ਹਵਾਈ ਅੱਡੇ ਤੋਂ ਹੈਰਾਨ ਖਬਰ ਸਾਹਮਣੇ ਆਈ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਏਅਰ ਇੰਡੀਆ ਦੇ ਸਟਾਫ਼ ਮੈਂਬਰਾਂ ਵੱਲੋਂ ਦੁਰਵਿਵਹਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਧਾਰਮਿਕ ਆਗੂਆਂ ਵੱਲੋਂ ਅਜਿਹੇ ਦੁਰਵਿਵਹਾਰ ਦੀ ਨਿਖੇਧੀ ਕੀਤੀ ਗਈ। ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੰਘ ਸਾਹਿਬ ਸਿੱਖ ਕੌਮ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਹਨ ਅਤੇ ਦੇਸ਼ ਵਿਦੇਸ਼ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੰਘ ਸਾਹਿਬ ਜੀ ਨੇ ਵਿਦੇਸ਼ਾਂ ਵਿੱਚ ਕਈ ਪ੍ਰਚਾਰ ਦੌਰੇ ਕੀਤੇ ਹਨ ਤੇ ਹੁਣ ਵੀ ਜਦੋਂ ਉਹ ਨਵੀਂ ਦਿੱਲੀ ਤੋਂ ਅਮਰੀਕਾ ਜਾ ਰਹੇ ਸਨ, ਤਾਂ ਏਅਰ ਇੰਡੀਆ ਵੱਲੋਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਹੋਣ ਦੇ ਬਾਵਜੂਦ ਬਹੁਤ ਮਾੜੇ ਹਾਲਤ ਵਾਲੀਆਂ ਸੀਟਾਂ ਉਨ੍ਹਾਂ ਸਮੇਤ ਹੋਰ ਯਾਤਰੀਆਂ ਨੂੰ ਦਿੱਤੀਆਂ ਗਈਆਂ ਜਿਸ ਦਾ ਉਨ੍ਹਾਂ ਨੇ ਮੌਕੇ ਉੱਤੇ ਵਿਰੋਧ ਕੀਤਾ ਹੈ।
ਕਈ ਘੰਟਿਆਂ ਤੱਕ ਗਿਆਨੀ ਰਘਬੀਰ ਸਿੰਘ ਨੂੰ ਭੁੱਖਣ ਭਾਣੇ ਬੈਠਿਆ ਗਿਆ
ਜਥੇਦਾਰ ਗੜਗੱਜ ਨੇ ਕਿਹਾ ਕਿ ਵਿਰੋਧ ਕਰਨ ਤੋਂ ਬਾਅਦ ਹਵਾਈ ਅੱਡੇ ਦੇ ਅਧਿਕਾਰੀ ਸਿੰਘ ਸਾਹਿਬ ਸਮੇਤ ਹੋਰਨਾਂ ਦੇ ਪਾਸਪੋਰਟ ਲੈ ਗਏ ਤੇ ਪਿਛਲੇ ਕਈ ਘੰਟਿਆਂ ਤੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਭੁੱਖਣ ਭਾਣੇ ਬੈਠਾ ਕੇ ਰੱਖਿਆ ਹੋਇਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਵਿਵਹਾਰ ਅਤੇ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਵਾਈਬਾਜੀ ਮੰਤਰੀ ਨੂੰ ਇਸ ਘਟਨਾ ਦਾ ਤੁਰੰਤ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਪਦਵੀ ਬਹੁਤ ਹੀ ਸਤਿਕਾਰਯੋਗ ਹੈ ਕਿਉਂਕਿ ਇਹ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਥਾਪੇ ਗਏ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਤੋਂ ਲੈ ਕੇ ਚੱਲਦੀ ਆ ਰਹੀ ਸਿੱਖਾਂ ਦੀ ਵਿਲੱਖਣ ਵਿਰਾਸਤ ਦਾ ਹਿੱਸਾ ਹੈ, ਇਸ ਲਈ ਕੇਂਦਰੀ ਏਜੰਸੀਆਂ ਅਤੇ ਹਵਾਈ ਅੱਡੇ ਉੱਤੇ ਤਾਇਨਾਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਸਤਿਕਾਰ ਤੇ ਸਨਮਾਨ ਦਾ ਹਮੇਸ਼ਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਘਟਨਾ ਦੀ ਕੀਤੀ ਗਈ ਨਿਖੇਧੀ
ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਹੋਏ ਅਣਉਚਿਤ ਵਿਹਾਰ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦੇ ਕਰਮਚਾਰੀਆਂ ਵੱਲੋਂ ਸਿੱਖ ਕੌਮ ਦੀ ਅਤਿ ਆਦਰਯੋਗ ਅਤੇ ਧਾਰਮਿਕ ਰੂਪ ਵਿੱਚ ਮਹੱਤਵਪੂਰਨ ਸ਼ਖ਼ਸੀਅਤ ਨਾਲ ਕੀਤਾ ਗਿਆ ਗਲਤ ਵਿਹਾਰ ਨਿਰਾਸ਼ਾਜਨਕ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਾਮਲਾ ਸਿਰਫ ਇਕ ਵਿਅਕਤੀ ਨਾਲ ਦੁਰਵਿਹਾਰ ਦਾ ਨਹੀਂ, ਸਗੋਂ ਸਿੱਖ ਧਰਮ ਅਤੇ ਉਸ ਦੀ ਸਤਿਕਾਰਤ ਸ਼ਖਸੀਅਤ ਦਾ ਨਿਰਾਦਰ ਹੈ। ਉਨ੍ਹਾਂ ਕੇਂਦਰੀ ਹਵਾਬਾਜ਼ੀ ਮੰਤਰੀ ਕੋਲੋਂ ਇਸ ਘਟਨਾ ਦੀ ਤਤਕਾਲ ਜਾਂਚ ਮੰਗਦਿਆਂ ਕਿਹਾ ਕਿ ਜਿੰਨ੍ਹਾਂ ਕਰਮਚਾਰੀਆਂ ਵੱਲੋਂ ਇਹ ਦੁਰਵਿਵਹਾਰ ਕੀਤਾ ਗਿਆ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਵੀ ਜਰੂਰੀ ਹੈ ਕਿ ਭਾਰਤ ਦੇਸ਼ ਦੀ ਏਅਰਲਾਈਨ ਭਵਿੱਖ ਵਿਚ ਕਿਸੇ ਵੀ ਯਾਤਰੀ ਨਾਲ ਅਜਿਹਾ ਵਿਹਾਰ ਨਾ ਕਰੇ ਜੋ ਦੇਸ਼ ਲਈ ਸ਼ਰਮਨਾਕ ਸਾਬਤ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਨੂੰ ਇਹ ਮਾਮਲਾ ਅਥਾਰਟੀ ਕੋਲ ਉਠਾਉਣ ਅਤੇ ਹੋਰ ਲੋੜੀਂਦੇ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ।





















