Bhagwant Mann Interview: ਇਸ ਵਾਰ ਦੀਆਂ ਲੋਕ ਸਭਾ ਚੋਣਾਂ 92 ਵਿਧਾਇਕਾਂ ਦੇ ਭਾਰੀ ਬਹੁਮਤ ਨਾਲ ਪੰਜਾਬ 'ਤੇ ਰਾਜ ਕਰ ਰਹੀ ਆਮ ਆਦਮੀ ਪਾਰਟੀ ਲਈ ਚੁਣੌਤੀ ਅਤੇ ਮੌਕਾ ਦੋਵੇਂ ਹਨ। ਬਦਲਾਅ ਲਿਆਉਣ ਦੇ ਵੱਡੇ-ਵੱਡੇ ਵਾਅਦਿਆਂ ਨਾਲ ਸੱਤਾ 'ਚ ਆਈ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਸਾਹਮਣੇ ਇਹ ਸਾਬਤ ਕਰਨਾ ਹੋਵੇਗਾ ਕਿ ਉਸ ਦਾ ਦੋ ਸਾਲਾਂ ਦਾ ਕੰਮ ਸਹੀ ਦਿਸ਼ਾ 'ਚ ਚੱਲ ਰਿਹਾ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਆਪਣੀ ਸਰਕਾਰੀ ਦੀਆਂ ਪ੍ਰਾਪਤੀਆਂ ਦੱਸਣ ਲਈ ਮੀਡੀਆ ਦਾ ਸਹਾਰਾ ਲੈ ਰਹੇ ਹਨ। ਇਸ ਮੌਕੇ ਇੱਕ ਨਿੱਜੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਚੋਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਨੁਕਤਾ ਕੱਢਿਆ ਹੈ ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਜਵਾਬ ਦੇਣਾ ਆਪ ਲਈ ਔਖਾ ਹੋ ਸਕਦਾ ਹੈ। 


ਦਰਅਸਲ , ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਗਿਆ ਸੀ ,ਕੇਜਰੀਵਾਲ ਲਈ ਜੇਲ੍ਹ ਤੋਂ ਸਰਕਾਰ ਚਲਾਉਣਾ ਕਾਨੂੰਨੀ ਹੈ ਜਿਸ ਦੇ ਜਵਾਬ ਵਿੱਚਚ ਮੁੱਖ ਮੰਤਰੀ ਨੇ ਕਿਹਾ ਕਿ ਸਹਾਰਾ ਗਰੁੱਪ ਦੇ ਸੁਬਰਤੋ ਰਾਏ ਨੂੰ ਚਿੱਟ ਫੰਡ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ
ਸੀ, ਫਿਰ ਵੀ ਉਨ੍ਹਾਂ ਨੇ ਉਸ ਨੂੰ ਜੇਲ੍ਹ ਵਿੱਚ ਦਫਤਰ ਸਥਾਪਤ ਕਰਨ ਦਿੱਤਾ। ਕਿੱਥੇ ਲਿਖਿਆ ਹੈ ਕਿ ਜੇਕਰ ਕੋਈ ਮੌਜੂਦਾ ਮੁੱਖ ਮੰਤਰੀ ਸਲਾਖਾਂ ਪਿੱਛੇ ਹੈ ਤਾਂ ਉਸ ਨੂੰ ਅਸਤੀਫਾ ਦੇਣਾ ਪਵੇਗਾ। ਇਸ ਮੁੱਦੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਖੜ੍ਹੇ ਕੀਤੇ ਹਨ। 


ਜਾਖੜ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇੱਕ ਇੰਟਰਵਿਊ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਨਜ਼ਰਬੰਦੀ ਨੂੰ ਸੁਬਰਤੋ ਰਾਏ ਦੀ ਤਿਹਾੜ ਜੇਲ੍ਹ ਵਿੱਚ ਕੈਦ ਦੇ ਨਾਲ ਤੁਲਨਾ ਕੀਤੀ ਹੈ। ਜਿਸ ਤਰਾਂ ਸਹਾਰਾ ਗਰੁੱਪ ਆਫ਼ ਕੰਪਨੀਜ਼ ਦੇ ਸੀਐਮਡੀ ਸੁਬਰਤੋ ਰਾਏ ਆਪਣੀ ਕੰਪਨੀ ਦੇ ਦੋ ਡਾਇਰੈਕਟਰਾਂ ਦੇ ਨਾਲ ਤਿਹਾੜ ਵਿੱਚ ਸਨ, ਉਸੇ ਤਰਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ  ਆਪਣੇ ਦੋ ਮੰਤਰੀਆਂ ਨਾਲ ਤਿਹਾੜ ਜੇਲ ਵਿੱਚ ਹਨ।


ਇਸ ਤੋਂ ਇਲਾਵਾ, ਜਿੱਥੇ ਰਾਏ ਅਤੇ ਉਨ੍ਹਾਂ ਦੇ ਡਾਇਰੈਕਟਰਾਂ ਨੂੰ ਚਿੱਟ ਫੰਡ ਘੁਟਾਲੇ ਲਈ ਗ੍ਰਿਫਤਾਰ ਕੀਤਾ ਗਿਆ ਸੀ, ਕੇਜਰੀਵਾਲ ਅਤੇ ਉਨ੍ਹਾਂ ਦੇ ਦੋ ਮੰਤਰੀਆਂ ਨੂੰ ਸ਼ਰਾਬ ਨੀਤੀ ਘੁਟਾਲੇ ਲਈ ਗ੍ਰਿਫਤਾਰ ਕੀਤਾ ਗਿਆ ਹੈ।






ਭਾਵੇਂ ਦੋਵਾਂ ਦੇ ਕੇਸਾਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ, ਪਰ ਮੈਨੂੰ ਇਹ ਹੈਰਾਨੀਜਨਕ ਲੱਗਦਾ ਹੈ ਕਿ ਭਗਵੰਤ ਮਾਨ ਨੇ ਆਪਣੇ ਸੁਪਰੀਮੋ  ਕੇਜਰੀਵਾਲ ਦੇ ਕੇਸ ਦੀ ਪੈਰਵਾਈ ਕਰਨ ਲਈ ਲੱਖਾਂ ਗਰੀਬ ਲੋਕਾਂ ਨੂੰ ਠੱਗਣ ਦੇ ਦੋਸ਼ੀ ਵਿਅਕਤੀ ਦੇ ਕੇਸ ਦਾ ਸਹਾਰਾ ਲਿਆ ਹੈ। ਪਰ ਹੋਰ ਵੀ ਹੈਰਾਨੀ ਭਰਿਆ ਸਵਾਲ ਤਾਂ ਇਹ ਹੈ ਕਿ ਕੀ ਇਹ ਤੁਲਨਾ ਉਨ੍ਹਾਂ ਨੇ ਅਣਜਾਣੇ ਵਿਚ ਕੀਤੀ ਹੈ ਜਾਂ ਉਨ੍ਹਾਂ ਜਾਣਬੁੱਝ ਕੇ ਅਜਿਹਾ ਕੀਤਾ ਹੈ।