ਨਵੀਂ ਦਿੱਲੀ: ਭਾਰਤ ’ਚ 1 ਮਾਰਚ ਤੋਂ ਕੋਵਿਡ-19 ਮਹਾਮਾਰੀ ਵਿਰੁੱਧ ਟੀਕਾਕਰਣ ਦਾ ਦੂਜਾ ਗੇੜ ਸ਼ੁਰੂ ਹੋਣ ਜਾ ਰਿਹਾ ਹੈ; ਜਿਸ ਅਧੀਨ 60 ਸਾਲ ਤੋਂ ਵੱਧ ਉਮਰ ਤੇ ਗੰਭੀਰ ਬੀਮਾਰੀ ਵਾਲੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਾਇਆ ਜਾਵੇਗਾ। ਭਾਰਤ ਨੇ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ 16 ਜਨਵਰੀ ਤੋਂ ਕੀਤੀ ਸੀ।   ਇਸ ਗੇੜ ਲਈ ਵੈਕਸੀਨ ਲਗਾਉਣ ਵਾਸਤੇ ਯੋਗ ਲੋਕਾਂ ਨੂੰ ਸਰਕਾਰ ਦੇ ਪੋਰਟਲ ਉੱਤੇ ‘ਕੋਵਿਨ’ ਉੱਤੇ ਰਜਿਸਟਰਡ ਕਰ ਸਕਦੇ ਹਨ। ਇਹ ‘ਕੋਵਿਨ’ ਇੱਕ ਡਿਜੀਟਲ ਪਲੇਟਫ਼ਾਰਮ ਹੈ, ਜੋ ਕੋਗਿਵਡ-19 ਵੈਕਸੀਨ ਦੀ ਡਿਲੀਵਰੀ ਦੇ ਅਸਲ ਸਮੇਂ ਦੀ ਨਿਗਰਾਨੀ ਲਈ ਬਣਾਇਆ ਗਿਆ ਹੈ।   1 ਮਾਰਚ ਤੋਂ 10,000 ਸਰਕਾਰੀ ਤੇ 20,000 ਤੋਂ ਵੱਧ ਪ੍ਰਾਈਵੇਟ ਕੇਂਦਰਾਂ ਉੱਤੇ ਟੀਕਾਕਰਣ ਕੀਤਾ ਜਾਵੇਗਾ। ਸਰਕਾਰੀ ਕੇਂਦਰਾਂ ਉੱਤੇ ਇਹ ਟੀਕਾ ਮੁਫ਼ਤ ਲੱਗੇਗਾ। ਜਦਕਿ ਪ੍ਰਾਈਵੇਟ ਕੇਂਦਰਾਂ ਉੱਤੇ ਇਸ ਲਈ ਭੁਗਤਾਨ ਕਰਨਾ ਹੋਵੇਗਾ। ਉਂਝ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਇਸ ਲਈ ਕਿੰਨੀ ਫ਼ੀਸ ਅਦਾ ਕਰਨੀ ਹੋਵੇਗੀ।   ਦੂਜੇ ਗੇੜ ਦੇ ਲਾਭਪਾਤਰੀ ਸੋਮਵਾਰ ਤੋਂ ਹੀ ਕੋਵਿਨ ਐਪ ਉੱਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਕੋਵਿਨ ਦਾ ਨਵਾਂ ਐਡੀਸ਼ਨ GPS ਦੇ ਸਮਰੱਥ ਹੋਵੇਗਾ। ਇੱਕ ਮੋਬਾਇਲ ਫ਼ੋਨ ਉੱਤੇ ਚਾਰ ਜਣੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉੱਥੇ ਤੁਸੀਂ ਆਪਣੀ ਪਸੰਦ ਦੀ ਤਰੀਕ ਤੇ ਕੇਂਦਰ ਦੀ ਚੋਣ ਕਰ ਸਕਦੇ ਹੋ।