Punjab News: ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਜਥੇਬੰਦੀਆਂ ਭੜਕ ਗਈਆਂ ਹਨ। ਚੁਰਾਸੀ ਸਿੱਖ ਕਤਲੇਆਮ ਦੇ ਦੋਸ਼ੀ ਬਲਵਨ ਖੋਖਰ ਨੂੰ ਫਰਲੋ ਮਿਲਣ ਉਪਰ ਸਿੱਖ ਜਥੇਬੰਦੀਆਂ ਨੇ ਸਵਾਲ ਉਠਾਏ ਹਨ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਬੇਕਸੂਰ ਸਿੱਖਾਂ ਦਾ ਕਤਲ ਕਰਨ ਵਾਲੇ ਦਰਿੰਦਿਆਂ ਨੂੰ ਫਰਲੋ ਦਿੱਤੀ ਜਾ ਰਹੀ ਹੈ।

Continues below advertisement

ਦੱਸ ਦਈਏ ਕਿ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਬਲਵਨ ਖੋਖਰ ਦੀ 21 ਦਿਨਾਂ ਦੀ ਫਰਲੋ ਮਨਜ਼ੂਰ ਕਰ ਲਈ ਹੈ। ਜਸਟਿਸ ਰਵਿੰਦਰ ਡੁਡੇਜਾ ਦੀ ਅਦਾਲਤ ਨੇ ਇਹ ਰਾਹਤ ਉਸ ਨੂੰ ਸਮਾਜਿਕ ਤੇ ਪਰਿਵਾਰਕ ਰਿਸ਼ਤੇ ਬਹਾਲ ਕਰਨ ਲਈ ਦਿੱਤੀ ਹੈ। ਬਲਵਨ ਖੋਖਰ ਇਸ ਵੇਲੇ ਉਮਰ ਕੈਦ ਕੱਟ ਰਿਹਾ ਹੈ ਤੇ ਪਿਛਲੇ 11 ਸਾਲ 10 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵੀ ਇਸੇ ਮਾਮਲੇ ਵਿੱਚ ਉਮਰ ਕੈਦ ਭੁਗਤ ਰਹੇ ਹਨ।

ਅਦਾਲਤ ਨੇ ਖੋਖਰ ਨੂੰ 20,000 ਰੁਪਏ ਦੇ ਜ਼ਮਾਨਤੀ ਮੁਚੱਲਕੇ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸ਼ਰਤ ਲਾਈ ਹੈ ਕਿ ਉਹ ਦਿੱਲੀ ਕੈਂਟ ਪੁਲਿਸ ਸਟੇਸ਼ਨ ਦੇ ਖੇਤਰ ਤੋਂ ਬਾਹਰ ਨਹੀਂ ਜਾਵੇਗਾ ਤੇ ਹਰ ਮੰਗਲਵਾਰ ਸਵੇਰੇ 10 ਵਜੇ ਥਾਣੇ ਵਿੱਚ ਹਾਜ਼ਰੀ ਲਗਵਾਏਗਾ। ਜਸਟਿਸ ਡੁਡੇਜਾ ਨੇ ਕਿਹਾ ਕਿ ਭਾਵੇਂ ਪਟੀਸ਼ਨਰ ਦਾ ਅਪਰਾਧ ਗੰਭੀਰ ਹੈ, ਪਰ ਫਰਲੋ ਸੁਧਾਰ ਪ੍ਰਕਿਰਿਆ ਦਾ ਹਿੱਸਾ ਹੈ, ਜਿਸ ਦਾ ਮਕਸਦ ਕੈਦੀ ਨੂੰ ਆਪਣੇ ਪਰਿਵਾਰ ਤੇ ਸਮਾਜ ਨਾਲ ਜੁੜੇ ਰਹਿਣ ਦਾ ਮੌਕਾ ਦੇਣਾ ਹੈ।

Continues below advertisement

ਅਦਾਲਤ ਨੇ ਜੇਲ੍ਹ ਰਿਕਾਰਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਖੋਖਰ ਦਾ ਆਚਰਨ ਤਸੱਲੀਬਖਸ਼ ਰਿਹਾ ਹੈ ਤੇ ਉਹ ਜੇਲ੍ਹ ਦੀ ਓ ਪੀ ਡੀ ਵਿੱਚ ਸਹਾਇਕ ਵਜੋਂ ਕੰਮ ਕਰਦਾ ਹੈ। ਪਹਿਲਾਂ ਵੀ ਪੈਰੋਲ ਜਾਂ ਜ਼ਮਾਨਤ ਮਿਲਣ ’ਤੇ ਉਸ ਨੇ ਕਾਨੂੰਨ ਦੀ ਪਾਲਣਾ ਕੀਤੀ ਸੀ। ਵਕੀਲ ਉਦੈ ਚੌਹਾਨ ਰਾਹੀਂ ਦਾਇਰ ਪਟੀਸ਼ਨ ਵਿੱਚ ਖੋਖਰ ਨੇ ਸਮਾਜਿਕ ਰਿਸ਼ਤੇ ਬਹਾਲ ਕਰਨ ਲਈ ਫਰਲੋ ਦੀ ਮੰਗ ਕੀਤੀ ਸੀ, ਜਿਸ ਨੂੰ ਦਿੱਲੀ ਸਰਕਾਰ ਨੇ ਪਹਿਲਾਂ ਰੱਦ ਕਰ ਦਿੱਤਾ ਸੀ। ਇਸ ਮਗਰੋਂ ਖੋਖਰ ਨੇ ਐਡਵੋਕੇਟ ਉਦੈ ਚੌਹਾਨ ਰਾਹੀਂ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਪਟੀਸ਼ਨਰ ਅਪਰਾਧੀ ਹੈ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।