ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 'ਗੱਲ ਪੰਜਾਬ ਦੀ' ਮੁਹਿੰਮ 6 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਿਸਾਨ ਆਗੂਆਂ ਦੇ ਹਰ ਸਵਾਲਾਂ ਦਾ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਸਾਡੀ ਲੀਡਰਸ਼ਿਪ ਨੂੰ ਕਿਸਾਨ ਜਥੇਬੰਦੀਆਂ ਸਵਾਲਾਂ ਲਈ ਜਿੱਥੇ ਬੁਲਾਉਣਗੀਆਂ ,ਅਸੀਂ ਜਾਵਾਂਗੇ। ਇਸ ਦੇ ਨਾਲ ਸੁਖਬੀਰ ਬਾਦਲ ਨੇ ਮੋਗਾ ਹਿੰਸਾ ਪਿੱਛੇ ਕਾਂਗਰਸ ਅਤੇ ‘ਆਪ’ ਆਗੂਆਂ ਦਾ ਹੱਥ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਦਾ ਕੈਪਟਨ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦਾ ਹੈ ਅਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੰਯੁਕਤ ਕਿਸਾਨ ਮੋਰਚੇ ਦੇ ਹਰ ਸਵਾਲ ਦਾ ਜਵਾਬ ਛੇ ਦਿਨਾਂ ਦੇ ਅੰਦਰ ਦੇਵੇਗੀ। ਕਿਸਾਨੀ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਥਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਾਡੇ ਲਈ ਪੰਜਾਬ ਦੀ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਾ ਸਭ ਤੋਂ ਵੱਧ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਕੇਂਦਰ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਾਜਿਸ਼ ਰੱਚ ਰਿਹਾ ਹੈ। ਕਾਂਗਰਸ ਅਤੇ ਆਪ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਖਬੀਰ ਨੇ ਕਿਹਾ ਕਿ ਭਾਜਪਾ ਦੇ ਇਸ਼ਾਰੇ 'ਤੇ ਕੈਪਟਨ ਪੰਜਾਬ ਵਿੱਚ ਰਾਜਪਾਲ ਸ਼ਾਸਨ ਲਾਉਣ ਦੀ ਸਾਜਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੋਗਾ 'ਚ ਹਿੰਸਾ ਕਰਨ ਵਾਲੇ ਕਾਂਗਰਸ ਅਤੇ ਆਪ ਵਰਕਰਾਂ ਦੇ ਨਾਂ ਤੇ ਪਤੇ ਦੀ ਲਿਸਟ ਜਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਗੱਲ ਪੰਜਾਬ ਦੀ ਮੁਹਿੰਮ ਦੀ ਕਾਮਯਾਬੀ ਤੋਂ ਬੌਖਲਾਈ ਹੋਈ ਹੈ। ਅਸੀਂ ਨਹੀਂ ਚਾਹੁੰਦੇ ਕਿ ਕੈਪਟਨ ਅਤੇ ਭਾਜਪਾ ਦੇ ਇਸ਼ਾਰੇ 'ਤੇ ਰਚੀ ਜਾ ਰਹੀ ਭਰਾ ਮਾਰੂ ਜੰਗ ਦੀ ਸਾਜਿਸ਼ ਕਾਮਯਾਬ ਹੋਵੇ।
ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਹਿੰਸਾ ਨੂੰ ਭੜਕਾਉਣ ਵਾਲੇ ਕਾਂਗਰਸੀ ਅਤੇ ‘ਆਪ’ ਵਰਕਰਾਂ ਦੀ ਸੂਚੀ ਵੀ ਜਨਤਕ ਕੀਤੀ, ਪਰ ਕਾਂਗਰਸ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਕੰਮ ਕਰਨ ਵਿੱਚ ਰੁੱਝੀ ਹੋਈ ਹੈ। ਕੈਪਟਨ ਚਾਹੁੰਦੇ ਹਨ ਕਿ ਪੰਜਾਬ ਦੀ ਸ਼ਾਂਤੀ ਵਿਵਸਥਾ ਭੰਗ ਹੋ ਜਾਵੇ ਅਤੇ ਕੇਂਦਰ ਦੀ ਨੀਅਤ ਅਨੁਸਾਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਅਤੇ ਕਿਸਾਨ ਅੰਦੋਲਨ ਖਤਮ ਹੋਵੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸਿਆਸਤਦਾਨਾਂ ਦੇ ਇਰਾਦਿਆਂ ਨੂੰ ਸਮਝ ਕੇ ਫੈਸਲਾ ਲੈਣ।
ਇਹ ਵੀ ਪੜ੍ਹੋ: Telegram New Update: ਟੈਲੀਗ੍ਰਾਮ ਦਾ ਵੀਡੀਓ ਕਾਲ ਫੀਚਰ ਲਾਈਵ ਸਟ੍ਰੀਮਿੰਗ ਵਿੱਚ ਬਦਲੀ, ਜਾਣੋ ਕੀ ਹੈ ਖਾਸੀਅੱਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin