ਖੰਨਾ: ਖੰਨਾ 'ਚ ਲੰਬੇ ਸਮੇਂ ਤੋਂ ਇੱਕ ਗਰੋਹ ਸ਼ਮਸ਼ਾਨਘਾਟ 'ਚ ਮੁਰਦਿਆਂ ਦੀਆਂ ਅਸਥੀਆਂ ਤਾਂਤਰਿਕਾਂ ਨੂੰ ਵੇਚਣ ਦਾ ਧੰਦਾ ਕਰਦਾ ਆ ਰਿਹਾ ਸੀ। ਅਸਥੀਆਂ ਵੇਚਣ ਬਦਲੇ ਇਹ ਗਰੋਹ ਲੱਖਾਂ ਰੁਪਏ ਵਸੂਲਦਾ ਸੀ। ਇਸ ਦਾ ਪਰਦਾਫਾਸ਼ ਖੰਨਾ ਪੁਲਿਸ ਨੇ ਕੀਤਾ ਹੈ। ਖੰਨਾ ਦੇ ਸਮਸ਼ਾਨਘਾਟ 'ਚ ਲੰਬੇ ਸਮੇਂ ਤੋਂ ਇਹ ਗੋਰਖ ਧੰਦਾ ਚੱਲਦਾ ਆ ਰਿਹਾ ਸੀ। ਪੁਲਿਸ ਨੇ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।
ਇਸ ਸਬੰਧੀ ਸ਼ਿਕਾਇਤਕਰਤਾ ਰਿੰਕੂ ਲਖੀਆ ਵਾਸੀ ਅਮਲੋਹ ਰੋਡ ਖੰਨਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਸ਼ਮਸ਼ਾਨਘਾਟ ਦੇ ਇੰਚਾਰਜ ਮੁਲਜ਼ਮ ਨਿਰਮਲ ਸਿੰਘ ਉਰਫ਼ ਨਿੰਮਾ, ਉਸ ਦੇ ਪੁੱਤਰ ਜਸਵਿੰਦਰ ਸਿੰਘ ਸਮੇਤ ਅਣਪਛਾਤੇ ਤਾਂਤਰਿਕ ਖਿਲਾਫ਼ ਆਈਪੀਸੀ ਦੀ ਧਾਰਾ 297, 381, 34 ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਤਾਂਤਰਿਕ ਫਰਾਰ ਹੈ।
ਰਿੰਕੂ ਲਖੀਆ ਨੇ ਦੱਸਿਆ ਕਿ ਉਸ ਦੇ 18 ਸਾਲਾ ਬੇਟੇ ਦੀਪਕ ਦੀ 3 ਨਵੰਬਰ 2021 ਨੂੰ ਮੌਤ ਹੋ ਗਈ ਸੀ, ਜਿਸ ਕਾਰਨ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕਰਨ ਤੋਂ ਬਾਅਦ ਮ੍ਰਿਤਕ ਦੀਆਂ ਅਸਥੀਆਂ 'ਚੋਂ ਇੱਕ ਹੱਡੀ ਰਸਮ ਮੁਤਾਬਕ ਕੱਢੀ ਗਈ ਸੀ। ਇਸ ਨੂੰ ਇੱਕ ਲਿਫਾਫੇ ਵਿੱਚ ਪਾ ਕੇ ਕੱਚੀ ਮਿੱਟੀ ਵਿੱਚ ਦੱਬ ਦਿੱਤਾ ਗਿਆ ਸੀ। 5 ਨਵੰਬਰ ਨੂੰ ਜਦੋਂ ਰਿੰਕੂ ਲਖੀਆ ਆਪਣੇ ਰਿਸ਼ਤੇਦਾਰਾਂ ਸਮੇਤ ਬੇਟੇ ਦੀਆਂ ਅਸਥੀਆਂ ਲੈਣ ਲਈ ਸ਼ਮਸ਼ਾਨਘਾਟ ਗਏ ਤਾਂ ਸ਼ਮਸ਼ਾਨਘਾਟ ਤੋਂ ਉਨ੍ਹਾਂ ਦੇ ਬੇਟੇ ਦੀ ਹੱਡੀ ਗਾਇਬ ਦੇਖ ਕੇ ਹੈਰਾਨ ਰਹਿ ਗਏ।
ਪਤਾ ਲੱਗਣ 'ਤੇ ਕਿਸੇ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦੇ ਕੇ ਚੁੱਪ ਰਹਿਣ ਲਈ ਕਿਹਾ। ਜਿਸ ਕਾਰਨ ਸ਼ਿਕਾਇਤਕਰਤਾ ਸ਼ਮਸ਼ਾਨਘਾਟ ਅਤੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦਾ ਰਿਹਾ ਪਰ ਉਸ ਨੂੰ ਕੁਝ ਨਹੀਂ ਮਿਲਿਆ। ਇਸ ਉਪਰੰਤ ਉਸ ਨੇ ਸ਼ਮਸ਼ਾਨਘਾਟ ਦੇ ਇੰਚਾਰਜ ਨਿਰਮਲ ਸਿੰਘ ਨਾਲ ਦੋਸਤੀ ਵਧਾ ਲਈ ਅਤੇ ਇਕ ਦਿਨ ਨਿਰਮਲ ਸਿੰਘ ਕੋਲੋਂ ਇਕ ਨੌਜਵਾਨ ਦੀ ਹੱਡੀ ਮੰਗਦਿਆਂ 50 ਹਜ਼ਾਰ ਰੁਪਏ ਦੇ ਨੋਟਾਂ ਦਾ ਬੰਡਲ ਅੱਗੇ ਰੱਖ ਦਿੱਤਾ। ਪੈਸਿਆਂ ਦੇ ਲਾਲਚ 'ਚ ਆ ਕੇ ਨਿਰਮਲ ਸਿੰਘ ਨੇ 27 ਸਾਲਾਂ ਦੇ ਇੱਕ ਮ੍ਰਿਤਕ ਨੌਜਵਾਨ ਦੇ ਸਿਰ ਦੀ ਖੋਪੜੀ ਅਤੇ ਹੱਡੀ ਰਿੰਕੂ ਲਖੀਆ ਨੂੰ ਦਿੰਦੇ ਹੋਏ ਉਸ ਤੋਂ 21 ਹਜ਼ਾਰ ਰੁਪਏ ਦੀ ਮੰਗ ਕੀਤੀ।
ਰਿੰਕੂ ਲਖੀਆ ਨਿਰਮਲ ਸਿੰਘ ਨੂੰ ਆਪਣੇ ਜਾਲ 'ਚ ਫਸਾਉਂਦਾ ਗਿਆ ਅਤੇ ਸਟਿੰਗ ਕਰਦੇ ਹੋਏ ਨਿਰਮਲ ਸਿੰਘ ਦੀਆਂ ਗੱਲਾਂ ਵੀਡਿਓ ਰਿਕਾਰਡ ਕਰਦਾ ਰਿਹਾ। ਜਿਸ ਨਾਲ ਪਰਦਾਫਾਸ਼ ਹੋਇਆ ਕਿ ਉਕਤ ਗਿਰੋਹ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ। ਰਿੰਕੂ ਲਖੀਆ ਨੂੰ ਮ੍ਰਿਤਕ ਦੇ ਪੂਰੇ ਸ਼ਰੀਰ ਦੀਆਂ ਹੱਡੀਆਂ ਡੇਢ ਲੱਖ ਰੁਪਏ 'ਚ ਦੇਣ ਲਈ ਵੀ ਨਿਰਮਲ ਸਿੰਘ ਤਿਆਰ ਹੋ ਗਿਆ ਸੀ ਅਤੇ ਰਾਤ ਨੂੰ ਸ਼ਮਸ਼ਾਨਘਾਟ ਬੁਲਾ ਕੇ ਜਾਦੂ ਟੋਣਾ ਕਰਨ ਲਈ ਵੀ ਤਿਆਰ ਸੀ।
ਇੱਥੋਂ ਤੱਕ ਕੇ ਨਿਰਮਲ ਸਿੰਘ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜਿਹੜਾ ਤਾਂਤਰਿਕ ਉਸ ਕੋਲ ਹੈ ,ਉਹ ਤਾਂਤਰਿਕ ਚਾਹੇ ਤਾਂ ਦੇਵੀ ਦੇਵਤੇ ਵੀ ਵਸ਼ ਚ ਕਰ ਲੈਂਦਾ ਹੈ। ਆਖਰ ਰਿੰਕੂ ਲਖੀਆ ਨੇ ਇਸਦੀ ਸ਼ਿਕਾਇਤ ਐਸਐਸਪੀ ਖੰਨਾ ਨੂੰ ਦਿੱਤੀ, ਜਿਨ੍ਹਾਂ ਨੇ ਡੀਏ ਲੀਗਲ ਦੀ ਰਿਪੋਰਟ ਲੈ ਕੇ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਹ ਗੋਰਖਧੰਦਾ ਕਰਦੇ ਆ ਰਹੇ ਹਨ।
ਐਸਐਸਪੀ ਰਵੀ ਕੁਮਾਰ ਨੇ ਕਿਹਾ ਕਿ ਰਿੰਕੂ ਲਖੀਆ ਦੇ ਬਿਆਨਾਂ ਉਪਰ ਮੁਕੱਦਮਾ ਦਰਜ ਕਰਕੇ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤਾਂਤਰਿਕ ਫਰਾਰ ਹੈ, ਉਸਦਾ ਪਤਾ ਕਰਕੇ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਗੋਰਖਧੰਦੇ 'ਚ ਜੋ ਵੀ ਸ਼ਾਮਲ ਹੋਣਗੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।