Punjab Police: ਪੰਜਾਬ ਦੇ ਬਰਨਾਲਾ 'ਚ ਬਦਨਾਮ ਗੈਂਗਸਟਰ ਕਾਲਾ ਧਨੌਲਾ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਇਸ ਵਿੱਚ ਉਸਦੀ ਮੌਤ ਹੋ ਗਈ। ਇਹ ਮੁਕਾਬਲਾ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਵੱਲੋਂ ਕੀਤਾ ਗਿਆ ਸੀ। ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਇੱਕ ਬਦਨਾਮ ਹਿਸਟਰੀਸ਼ੀਟਰ ਸੀ, ਜੋ ਇੱਕ ਕਾਂਗਰਸੀ ਆਗੂ 'ਤੇ ਹਮਲੇ ਤੋਂ ਇਲਾਵਾ 40 ਤੋਂ ਵੱਧ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਸੀ।
ਪੰਜਾਬ ਪੁਲਿਸ ਦੀ ਗੈਂਗਸਟਰ ਟਾਸਕ ਫੋਰਸ ਨੇ ਉਸ ਵੇਲੇ ਉਸ ਦਾ ਮੁਕਾਬਲਾ ਕੀਤਾ ਜਦੋਂ ਉਹ ਬਰਨਾਲਾ ਤੋਂ ਸੰਗਰੂਰ ਵੱਲ ਜਾ ਰਿਹਾ ਸੀ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਕਾਲਾ ਧਨੌਲਾ ਏ-ਕੈਟਾਗਰੀ ਦਾ ਗੈਂਗਸਟਰ ਸੀ। ਗੈਂਗਸਟਰ ਦਾ ਪੂਰਾ ਨਾਂ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਹੈ।
ਜਾਣਕਾਰੀ ਅਨੁਸਾਰ ਏ.ਜੀ.ਟੀ.ਐਫ ਦੀ ਟੀਮ ਧਨੌਲਾ ਨੂੰ ਫੜਨ ਲਈ ਕਈ ਦਿਨਾਂ ਤੋਂ ਜਾਲ ਵਿਛਾ ਰਹੀ ਸੀ ਪਰ ਹਰ ਵਾਰ ਉਹ ਚਕਮਾ ਦੇ ਕੇ ਭੱਜ ਜਾਂਦਾ ਸੀ। ਟੀਮ ਨੂੰ ਐਤਵਾਰ ਸਵੇਰੇ ਸੂਚਨਾ ਮਿਲੀ ਕਿ ਗੈਂਗਸਟਰ ਕਾਲਾ ਬਰਨਾਲਾ ਦੇ ਦਿਹਾਤੀ ਖੇਤਰ 'ਚ ਹੈ। ਸੂਚਨਾ ਦੇ ਆਧਾਰ 'ਤੇ ਸਿਵਲ ਵਰਦੀ 'ਚ ਅਧਿਕਾਰੀ ਪਹਿਲਾਂ ਹੀ ਤਾਇਨਾਤ ਸਨ।
ਟੀਮ ਨੇ ਜਦੋਂ ਗੈਂਗਸਟਰ ਨੂੰ ਦੇਖਿਆ ਤਾਂ ਉਸ ਨੂੰ ਰੁਕਣ ਲਈ ਕਿਹਾ ਪਰ ਧਨੌਲਾ ਨੇ ਸਾਹਮਣੇ ਤੋਂ ਗੋਲੀ ਚਲਾਈ। ਇਸ ਤੋਂ ਬਾਅਦ ਟੀਮ ਨੇ ਜਵਾਬੀ ਕਾਰਵਾਈ ਕੀਤੀ। ਇਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਮੁਲਜ਼ਮਾਂ ਦਾ ਹਥਿਆਰ ਬਰਾਮਦ ਕਰ ਲਿਆ ਹੈ। ਸਾਰੀ ਘਟਨਾ ਬਾਰੇ ਜ਼ਿਲ੍ਹਾ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਪੰਜਾਬ ਪੁਲੀਸ ਦੇ ਰਿਕਾਰਡ ਅਨੁਸਾਰ ਗੈਂਗਸਟਰ ਕਾਲਾ ਧਨੌਲਾ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਮੰਗਣ, ਅਗਵਾ, ਹਥਿਆਰਾਂ ਦੀ ਤਸਕਰੀ ਆਦਿ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 40 ਤੋਂ ਵੱਧ ਕੇਸ ਦਰਜ ਹਨ।
ਕਾਲਾ ਧਨੌਲਾ ਨਗਰ ਕੌਂਸਲ ਧਨੌਲਾ ਦੇ ਉਪ ਪ੍ਰਧਾਨ ਵੀ ਰਹਿ ਚੁੱਕੇ ਹਨ। ਕਾਲਾ ਧਨੌਲਾ ਦੀ ਮਾਤਾ ਨਗਰ ਕੌਂਸਲ ਦੀ ਪ੍ਰਧਾਨ ਰਹਿ ਚੁੱਕੀ ਹੈ। ਇਸ ਦੌਰਾਨ ਕਾਲਾ ਦੇ ਅਪਰਾਧੀ ਬਣ ਜਾਣ ’ਤੇ ਕੌਂਸਲਰਾਂ ਨੇ ਬੇਭਰੋਸਗੀ ਮਤਾ ਪਾ ਕੇ ਦੋਵਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ। ਆਪਣੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਾਲਾ ਨੇ ਕਈ ਕੌਂਸਲਰਾਂ 'ਤੇ ਹਮਲੇ ਵੀ ਕੀਤੇ ਸਨ।