ਨਾਭਾ: ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਬ੍ਰੇਕ ਦੇ ਸਾਜ਼ਿਸ਼ਘਾੜੇ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਨੇ ਜੇਲ੍ਹ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਛੱਤ ਵਾਲੇ ਪੱਖੇ ਨਾਲ ਪਰਨਾ ਬੰਨ੍ਹ ਕੇ ਜੇਲ੍ਹ ਬੈਰਕ ਵਿੱਚ ਫਾਹਾ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਰੌਲਾ ਪੈਣ ਉਪਰੰਤ ਜੇਲ੍ਹ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਤੇ ਸਹੀ ਸਮੇਂ 'ਤੇ ਇਸ ਘਟਨਾ ਨੂੰ ਰੋਕਿਆ ਗਿਆ।

ਦੱਸ ਦਈਏ ਕਿ ਇੱਥੋਂ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਬੀਤੇ ਦਿਨੀਂ ਚਾਰ ਮੋਬਾਈਲ ਮਿਲਣ ਨਾਲ ਜੇਲ੍ਹ ਪ੍ਰਸ਼ਾਸਨ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋਏ ਸੀ। ਇਹ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਜੇਲ੍ਹ ਵਿੱਚੋਂ ਇੱਕ ਮੋਬਾਈਲ ਨੀਟਾ ਦਿਓਲ ਤੋਂ ਬਰਾਮਦ ਕੀਤਾ ਗਿਆ। ਉਸ ‘ਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਗੈਂਗਸਟਰ ਨੀਟਾ ਦਿਓਲ ਨਾਲ ਸਬੰਧਤ ਇੱਕ ਔਰਤ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ।

ਇਸ ਤੋਂ ਬਾਅਦ ਹੁਣ ਗੈਂਗਸਟਰ ਨੇ ਆਪਣੇ ਆਪ ਨੂੰ ਛੱਤ ਵਾਲੇ ਪੱਖੇ ਦੇ ਨਾਲ ਪਰਨਾ ਬੰਨ੍ਹ ਕੇ ਜੇਲ੍ਹ ਬੈਰਕ ਵਿੱਚ ਫਾਹਾ ਲੈਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ‘ਚ ਨਾਭਾ ਸਦਰ ਪੁਲਿਸ ਨੇ ਜੇਲ ਅਧਿਕਾਰੀਆਂ ਦੀ ਸ਼ਿਕਾਇਤ ਤੇ 309 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਭਾ ਦੇ ਡੀਐਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਗੈਂਗਸਟਰ ਨੀਟਾ ਦਿਓਲ ਨੂੰ 22 ਤਰੀਕ ਨੂੰ ਪ੍ਰੋਡਕਸ਼ਨ ਵਰੰਟ ‘ਤੇ ਨਾਭਾ ਪੁਲਿਸ ਲੈ ਕੇ ਆਵੇਗੀ ਤੇ ਉਸ ਤੋਂ ਬਾਅਦ ਹੀ ਹੋਰ ਖੁਲਾਸੇ ਹੋਣਗੇ।

ਦੂਜੇ ਪਾਸੇ ਡੀਐਸਪੀ ਨਾਭਾ ਰਜੇਸ਼ ਛਿੱਬਰ ਨੇ ਕਿਹਾ ਕਿ ਇੱਕ ਔਰਤ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ, ਉੱਥੇ ਹੀ ਨੀਟਾ ਦਿਓਲ ਹਿਰਾਸਤ ‘ਚ ਲਈ ਗਈ ਔਰਤ ਨੂੰ ਆਪਣੀ ਪਤਨੀ ਦੱਸ ਰਿਹਾ ਹੈ। ਹੁਣ ਮਾਮਲਾ ਕੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।