Gangster Rajesh Dogra Murder Case: ਮੁਹਾਲੀ ਪੁਲੀਸ ਨੇ ਜੰਮੂ ਦੇ ਬਦਨਾਮ ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਹਨ ਚੀਅਰ ਦੀ ਏਅਰਪੋਰਟ ਰੋਡ ’ਤੇ ਇੱਕ ਮਾਲ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੰਜ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਉੱਤਰ ਪ੍ਰਦੇਸ਼ ਤੋਂ ਫੜੇ ਗਏ ਹਨ। ਇਨ੍ਹਾਂ ਵਿੱਚ ਜੰਮੂ ਪੁਲੀਸ ਦੇ ਦੋ ਮੁਅੱਤਲ ਮੁਲਾਜ਼ਮ ਵੀ ਸ਼ਾਮਲ ਹਨ। ਮੁਲਜ਼ਮਾਂ ਕੋਲੋਂ ਛੇ ਹਥਿਆਰ, 71 ਕਾਰਤੂਸ ਅਤੇ ਚਾਰ ਵਾਹਨ ਬਰਾਮਦ ਕੀਤੇ ਗਏ ਹਨ।


ਫੜੇ ਗਏ ਮੁਲਜ਼ਮਾਂ ਦੀ ਪਛਾਣ ਅਨਿਲ ਸਿੰਘ ਉਰਫ ਬਿੱਲਾ ਵਾਸੀ ਪਿੰਡ ਗੁੱਡਾ ਸਲਾਬੀਆ, ਜ਼ਿਲ੍ਹਾ ਸਾਂਬਾ (ਜੰਮੂ), ਸ਼ਿਆਮ ਲਾਲ ਵਾਸੀ ਪਿੰਡ ਕਿਰਮੋ ਜ਼ਿਲ੍ਹਾ ਊਧਮਪੁਰ (ਜੰਮੂ), ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਬੀ-67 ਗਣਪਤੀ ਐਨਕਲੇਵ ਜ਼ਿਲ੍ਹਾ ਮੇਰਠ (ਯੂ.ਪੀ.) ਵਜੋਂ ਹੋਈ ਹੈ।


ਸਤਵੀਰ ਸਿੰਘ ਉਰਫ਼ ਬੱਬੂ ਵਾਸੀ ਪਿੰਡ ਸ਼ਾਹਗੜ੍ਹ ਥਾਣਾ, ਜ਼ਿਲ੍ਹਾ ਪੀਲੀਭੀਤ (ਯੂ.ਪੀ.) ਅਤੇ ਸੰਦੀਪ ਸਿੰਘ ਉਰਫ਼ ਸੋਨੀ, ਵਾਸੀ ਪਿੰਡ ਹਲਕਾ ਤਲੀ ਥਾਣਾ ਮਾਲੇਪੁਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ (ਪੰਜਾਬ) ਸ਼ਾਮਲ ਹਨ।



ਇਨ੍ਹਾਂ ਵਿੱਚੋਂ ਅਨਿਲ ਸਿੰਘ ਉਰਫ਼ ਬਿੱਲਾ ਅਤੇ ਸ਼ਿਆਮ ਲਾਲ ਜੰਮੂ ਪੁਲੀਸ ਦੇ ਮੁਅੱਤਲ ਮੁਲਾਜ਼ਮ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਸ਼ਾਹਗੜ੍ਹ, ਜ਼ਿਲ੍ਹਾ ਪੀਲੀਭੀਤ (ਯੂਪੀ) ਤੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਪੰਜਾਂ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ।



ਗੈਂਗਸਟਰ ਰਾਜੇਸ਼ ਡੋਗਰਾ ਦਾ 4 ਮਾਰਚ ਨੂੰ ਦੁਪਹਿਰ 12.30 ਵਜੇ ਦੇ ਕਰੀਬ ਕਤਲ ਕਰ ਦਿੱਤਾ ਗਿਆ ਸੀ। ਤਿੰਨ ਗੱਡੀਆਂ 'ਚ ਆਏ ਹਮਲਾਵਰਾਂ ਨੇ ਡੋਗਰਾ 'ਤੇ 25 ਰਾਉਂਡ ਫਾਇਰ ਕੀਤੇ। ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-11 ਵਿੱਚ ਆਈਪੀਸੀ ਦੀ ਧਾਰਾ 302, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।



ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਗੈਂਗਸਟਰ ਸੰਜੇ ਗੁਪਤਾ ਉਰਫ ਬੱਕਰਾ ਦੇ ਕਤਲ ਦਾ ਬਦਲਾ ਲੈਣ ਲਈ ਗੈਂਗਸਟਰ ਡੋਗਰਾ ਦਾ ਕਤਲ ਕੀਤਾ ਗਿਆ ਸੀ। ਬੱਕਰਾ ਗੈਂਗ ਨੇ ਸਾਰੀ ਸਾਜ਼ਿਸ਼ ਰਚੀ ਸੀ। ਰਾਜੇਸ਼ ਡੋਗਰਾ ਨੇ ਸਾਲ 2006 ਵਿੱਚ ਗੈਂਗਸਟਰ ਸੰਜੇ ਗੁਪਤਾ ਉਰਫ਼ ਬੱਕਰਾ ਦਾ ਕਤਲ ਕਰ ਦਿੱਤਾ ਸੀ।


 ਬਾਅਦ ਵਿੱਚ ਅਨਿਲ ਸਿੰਘ ਉਰਫ਼ ਬਿੱਲਾ ਬੱਕਰਾ ਗਰੋਹ ਦਾ ਮੁਖੀ ਬਣ ਗਿਆ। ਬੱਕਰਾ ਦੇ ਕਤਲ ਦਾ ਬਦਲਾ ਲੈਣ ਲਈ ਬਿੱਲਾ 2015 ਤੋਂ ਰਾਜੇਸ਼ ਡੋਗਰਾ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਦੇ ਲਈ ਉਸ ਨੇ ਪੰਜਾਬ, ਯੂਪੀ ਅਤੇ ਉਤਰਾਖੰਡ ਦੇ ਮਸ਼ਹੂਰ ਗੈਂਗਸਟਰਾਂ ਨਾਲ ਸੰਪਰਕ ਕੀਤਾ ਸੀ।


ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਿੱਲਾ ਰੋਜਸ਼ ਡੋਗਰਾ ਦੀ ਹੱਤਿਆ ਕਰਵਾਉਣ ਲਈ ਪਹਿਲਾਂ ਹੀ ਇੱਕ ਕਰੋੜ ਰੁਪਏ ਤੋਂ ਵੱਧ ਖਰਚ ਕਰ ਚੁੱਕਾ ਹੈ। ਇਹ ਰਕਮ ਬਿੱਲਾ ਨੇ ਜੰਮੂ ਵਿੱਚ ਫਿਰੌਤੀ ਮੰਗ ਕੇ ਇਕੱਠੀ ਕੀਤੀ ਸੀ। ਉਸ ਨੇ ਇਹ ਰਕਮ ਕਾਤਲਾਂ ਦੀ ਰਿਹਾਇਸ਼, ਗੱਡੀਆਂ ਅਤੇ ਹਥਿਆਰਾਂ 'ਤੇ ਖਰਚ ਕੀਤੀ।



ਰਾਜੇਸ਼ ਡੋਗਰਾ ਆਪਣੇ ਦੋ ਸਾਥੀਆਂ ਸਮੇਤ ਸਕਾਰਪੀਓ ਵਿੱਚ ਜੰਮੂ ਤੋਂ ਮੁਹਾਲੀ ਆਏ ਸਨ। ਉਸ ਨੇ ਦਿੱਲੀ ਦੇ ਰਸਤੇ ਅਯੁੱਧਿਆ ਜਾਣਾ ਸੀ। ਰਾਜੇਸ਼ ਦੋ ਦਿਨਾਂ ਤੋਂ ਖਰੜ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਰਾਜੇਸ਼ ਦੇ ਦੋਸਤ ਸੰਦੀਪ ਸਿੰਘ ਰਾਜਾ ਨੇ ਉਸ ਨੂੰ ਸੈਕਟਰ-67 ਸਥਿਤ ਸੀਪੀ ਮਾਲ ਦੇ ਬਾਹਰ ਮਿਲਣ ਲਈ ਬੁਲਾਇਆ ਸੀ।