ਫਾਜ਼ਿਲਕਾ: ਮ੍ਰਿਤਕ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਨੇ ਅਕਾਲੀ ਦਲ ਕਿਉਂ ਛੱਡਿਆ, ਇਸ ਦਾ ਖੁਲਾਸਾ ਕਰ ਦਿੱਤਾ ਹੈ। ਰਾਜਦੀਪ ਕੌਰ ਨੇ ਕਿਹਾ ਕਿ ਉਸ ਨੂੰ ਅਕਾਲੀ ਦਲ ਵੱਲੋਂ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਸੀ ਤੇ ਉਸ ਦੇ ਭਰਾ ਨੂੰ ਮਾਰਨ ਪਿੱਛੇ ਬੀਜੇਪੀ ਲੀਡਰ ਦੇ ਕਰੀਬੀ ਦਾ ਹੱਥ ਹੋਣ ਕਾਰਨ ਕਾਂਗਰਸ ਵਿੱਚ ਸ਼ਾਮਲ ਹੋਈ ਹੈ।




ਰਾਜਦੀਪ ਕੌਰ ਨੇ ਦੱਸਿਆ ਕਿ ਜਦ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ ਤਾਂ ਸ਼ਰਤ ਸੀ ਕਿ ਸੁਰਜੀਤ ਕੁਮਾਰ ਜਿਆਣੀ ਨੂੰ ਟਿਕਟ ਨਹੀਂ ਮਿਲੇਗੀ। ਪਰ ਉਸ ਮਗਰੋਂ ਜਿੰਨੀਆਂ ਵੀ ਜਨ ਸਭਾਵਾਂ ਜਾਂ ਰੈਲੀਆਂ ਸਨ, ਉਦੋਂ ਸੁਰਜੀਤ ਜਿਆਣੀ ਨੂੰ ਅੱਗੇ ਰੱਖਿਆ ਜਾਂਦਾ ਸੀ ਤੇ ਉਸ ਨੂੰ ਦਰਕਿਨਾਰ ਕੀਤਾ ਜਾਂਦਾ ਸੀ। ਇਸ ਕਾਰਨ ਰਾਜਦੀਪ ਦੇ ਸਮਰਥਕ ਖਫਾ ਸਨ।

ਜ਼ਰੂਰ ਪੜ੍ਹੋ- ਫਿਰੋਜ਼ਪੁਰ 'ਚ ਸੁਖਬੀਰ ਬਾਦਲ ਨੂੰ ਝਟਕਾ, ਫ਼ਾਜ਼ਿਲਕਾ ਤੋਂ ਚੋਣ ਲੜਨ ਵਾਲੀ ਰਾਜਦੀਪ ਕਾਂਗਰਸ 'ਚ ਸ਼ਾਮਲ

ਉਸ ਨੇ ਆਪਣੇ ਗੈਂਗਸਟਰ ਭਰਾ ਰੌਕੀ ਦੀ ਮੌਤ ਪਿੱਛੇ ਜਿਆਣੀ ਤੇ ਉਸ ਦੇ ਨਿਜੀ ਸਹਾਇਕ ਰਾਕੇਸ਼ ਸਹਿਗਲ ਦਾ ਹੱਥ ਹੋਣ ਖ਼ਦਸ਼ਾ ਜਤਾਇਆ। ਰਾਜਦੀਪ ਕੌਰ ਨੇ ਕਿਹਾ ਕਿ ਉਹ ਉਸ ਦੇ ਭਰਾ ਦਾ ਦੁਸ਼ਮਣ ਨਾਲ ਕਿਵੇਂ ਮਿਲ ਸਕਦੀ ਹੈ। ਰਾਜਦੀਪ ਨੇ ਸੁਖਬੀਰ ਬਾਦਲ ਦੇ ਓਐਸਡੀ ਰਹਿ ਚੁੱਕੇ ਸਤਿੰਦਰ ਜੀਤ ਸਿੰਘ ਮੰਟਾ 'ਤੇ ਵੀ ਕਈ ਇਲਜ਼ਾਮ ਲਾਏ। ਰਾਜਦੀਪ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਸੋਚਿਆ ਹੈ, ਉਦੋਂ ਤੋਂ ਮੰਟਾ ਉਨ੍ਹਾਂ ਦੇ ਵਰਕਰਾਂ ਨੂੰ ਧਮਕਾ ਰਿਹਾ ਹੈ।