ਫ਼ਰੀਦਕੋਟ: ਸੀਆਈਏ ਸਟਾਫ਼ ਫ਼ਰੀਦਕੋਟ ਨੇ ਅਦਾਲਤ ਵਿੱਚ ਲਿਖਤੀ ਦਾਅਵਾ ਕੀਤਾ ਹੈ ਕਿ ਪਿੰਡ ਕੋਟਸੁਖੀਆ ਵਿੱਚ 7 ਨਵੰਬਰ ਨੂੰ ਡੇਰਾ ਹਰਿ ਦਾਸ ਦੇ ਉਪ ਮੁਖੀ ਸੰਤ ਦਿਆਲ ਦਾਸ ਦੇ ਹੋਏ ਕਤਲ ਵਿੱਚ ਗੈਂਗਸਟਰ ਸੁਖਪ੍ਰੀਤ ਬੁੱਢਾ ਦੀ ਵੀ ਸ਼ਮੂਲੀਅਤ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਸੁਖਪ੍ਰੀਤ ਨੂੰ ਕੁਝ ਸਮਾਂ ਪਹਿਲਾਂ ਹੀ ਅਰਮਾਨੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗੈਂਗਸਟਰ ਪੰਜਾਬ ਵਿੱਚ ਵਾਪਰ ਰਹੀਆਂ ਅਪਰਾਧਕ ਘਟਨਾਵਾਂ ਦਾ ਮੁੱਖ ਸਰਗਨਾ ਹੈ।


ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੁਖਪ੍ਰੀਤ ਬੁੱਢਾ ਨੇ ਬਾਬਾ ਦਿਆਲ ਦਾਸ ਦੇ ਕਤਲ ਵਿੱਚ ਗੈਂਗਸਟਰ ਲਖਵਿੰਦਰ ਸਿੰਘ ਦੀ ਆਰਥਿਕ ਮਦਦ ਕੀਤੀ ਸੀ। ਆਰਗੇਨਾਈਜ਼ਡ ਕ੍ਰਾਈਮ ਬਿਊਰੋ ਚੰਡੀਗੜ੍ਹ ਗੈਂਗਸਟਰ ਸੁਖਪ੍ਰੀਤ ਬੁੱਢਾ ਤੇ ਲਖਵਿੰਦਰ ਸਿੰਘ ਨੂੰ ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕਰੇਗਾ। ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਲਖਵਿੰਦਰ ਸਿੰਘ ਤੇ ਉਸ ਦੇ ਸਾਥੀ ਅਮਰੀਕ ਸਿੰਘ ਨੂੰ ਇਸ ਪੁੱਛਗਿੱਛ ਲਈ 19 ਦਸੰਬਰ ਤੱਕ ਪੁਲਿਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ।

ਉਧਰ, ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੀ ਗ੍ਰਿਫ਼ਤਾਰੀ ਮਗਰੋਂ ਪੁਲਿਸ ਨੇ ਉਸ ਦੇ 15 ਸਾਥੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਗੈਂਗਸਟਰ ਤੋਂ ਕੀਤੀ ਪੁੱਛਪੜਤਾਲ ਦੇ ਅਧਾਰ ’ਤੇ ਹਥਿਆਰ, ਨਸ਼ੇ ਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਨੇ ਬੁੱਢਾ ਨੂੰ 23 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਸੀ। ਗੈਂਗਸਟਰ ਨੂੰ ਅਰਮੇਨੀਆ ਤੋਂ ਭਾਰਤ ਭੇਜਿਆ ਗਿਆ ਸੀ।