ਪੰਜਾਬ ਦੇ ਅਬੋਹਰ ਵਿੱਚ ਫੈਸ਼ਨ ਡਿਜ਼ਾਈਨਰ ਤੇ ਕੱਪੜਾ ਕਾਰੋਬਾਰੀ ਸੰਜੇ ਵਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੋਮਵਾਰ ਸਵੇਰੇ ਜਿਵੇਂ ਹੀ ਉਹ ਆਪਣੇ ਸ਼ੋਅਰੂਮ ਨਿਊ ਵੇਅਰਵੈੱਲ ਦੇ ਬਾਹਰ ਆਪਣੀ ਕਾਰ ਤੋਂ ਬਾਹਰ ਨਿਕਲਿਆ, ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਹ ਬਾਈਕ 'ਤੇ ਫ਼ਰਾਰ ਹੋ ਗਏ ਕੁਝ ਦੂਰੀ 'ਤੇ ਜਾ ਕੇ ਉਨ੍ਹਾਂ ਨੇ ਬਾਈਕ ਖੜ੍ਹੀ ਕਰ ਦਿੱਤੀ ਅਤੇ ਕਾਰ ਵਿੱਚ ਭੱਜ ਗਏ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਵੱਲੋਂ ਲੈ ਲਈ ਗਈ ਹੈ।
ਇਸ ਕਤਲ ਤੋਂ ਬਾਅਦ ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਗੈਂਗਸਟਰਾਂ ਨੇ ਪੰਜਾਬ ਨੂੰ ਕਬਜ਼ੇ 'ਚ ਲੈ ਲਿਆ ਹੈ, ਆਮ ਲੋਕ ਅਸੁਰੱਖਿਅਤ ਹਨ, ਤੇ ਭਗਵੰਤ ਮਾਨ ਸਰਕਾਰ ਸਿਰਫ਼ ਦਿੱਲੀ ਤੋਂ ਆਏ VVIP ਮਹਿਮਾਨਾਂ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ।
ਅੱਜ ਅਬੋਹਰ ਵਿੱਚ ਪ੍ਰਸਿੱਧ ਟੇਲਰਿੰਗ ਦੁਕਾਨ ਦੇ ਮਾਲਕ ਦਾ ਦਿਨ ਦਿਹਾੜੇ ਕਤਲ ਹੋ ਗਿਆ। ਕੁਝ ਦਿਨ ਪਹਿਲਾਂ ਮੋਗਾ ਵਿੱਚ ਪੰਜਾਬੀ ਅਦਾਕਾਰਾ ਦੇ ਪਿਤਾ ਨੂੰ ਕਲੀਨਿਕ ਵਿੱਚ ਹੀ ਗੋਲੀ ਮਾਰੀ ਗਈ। ਇਹ ਕਿਸੇ ਵੀ ਤਰੀਕੇ ਨਾਲ ਸੂਬਾ ਸ਼ਾਸਨ ਨਹੀਂ - ਇਹ ਸਾਫ਼-ਸਾਫ਼ ਗੈਂਗਸਟਰ ਰਾਜ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਖੂਨ-ਖਰਾਬੇ ਦੇ ਹਵਾਲੇ ਕਰ 'ਰੰਗਲਾ' ਬਣਾ ਦਿੱਤਾ ਹੈ।
ਜ਼ਿਕਰ ਕਰ ਦਈਏ ਕਿ ਲਾਰੈਂਸ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਆਰਜੂ ਬਿਸ਼ਨੋਈ ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਵਿੱਚ ਲਿਖਿਆ ਹੈ - 'ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰਦਾ ਸੀ, ਜੋ ਵੀ ਸਾਡੇ ਵਿਰੁੱਧ ਜਾਵੇਗਾ, ਅਸੀਂ ਉਸਨੂੰ ਤਬਾਹ ਕਰ ਦੇਵਾਂਗੇ।' ਹਾਲਾਂਕਿ, ਏਬੀਪੀ ਸਾਂਝਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਆਰਜੂ ਬਿਸ਼ਨੋਈ ਦੇ ਨਾਮ 'ਤੇ ਕੀਤੀ ਗਈ ਕਥਿਤ ਪੋਸਟ ਵਿੱਚ ਲਿਖਿਆ ਸੀ- 'ਨਿਊ ਵੇਅਰਵੈੱਲ ਅਬੋਹਰ ਦਾ ਇਹ ਕਤਲ ਹੋਇਆ ਹੈ। ਮੈਂ, ਗੋਲਡੀ ਢਿੱਲੋਂ, ਆਰਜੂ ਬਿਸ਼ਨੋਈ ਤੇ ਸ਼ੁਭਮ ਲੋਂਕਰ ਮਹਾਰਾਸ਼ਟਰ ਇਸਦੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਉਸਨੂੰ ਕਿਸੇ ਮਾਮਲੇ ਨੂੰ ਲੈ ਕੇ ਫੋਨ ਕੀਤਾ ਸੀ ਪਰ ਉਸ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਅਸੀਂ ਉਸਨੂੰ ਮਾਰਿਆ ਤਾਂ ਜੋ ਪਤਾ ਲੱਗ ਸਕੇ ਕਿ ਅਸੀਂ ਕੌਣ ਹਾਂ।
ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰਦਾ ਸੀ। ਜੋ ਵੀ ਸਾਡੇ ਵਿਰੁੱਧ ਜਾਵੇਗਾ, ਅਸੀਂ ਉਸਨੂੰ ਤਬਾਹ ਕਰ ਦੇਵਾਂਗੇ। ਅਸੀਂ ਜੋ ਕਰਦੇ ਹਾਂ ਉਸਦੀ ਜ਼ਿੰਮੇਵਾਰੀ ਲੈਂਦੇ ਹਾਂ। ਭਾਵੇਂ ਇਹ 302 ਹੋਵੇ ਜਾਂ 307। ਅਸੀਂ ਜੋ ਕਰਦੇ ਹਾਂ ਉਸਦੀ ਜ਼ਿੰਮੇਵਾਰੀ ਲੈਂਦੇ ਹਾਂ। ਬੱਸ ਇੰਤਜ਼ਾਰ ਕਰੋ ਤੇ ਦੇਖੋ