Ganpati Visarjan 2022: ਦੇਸ਼ ਭਰ ਵਿੱਚ ਗਣੇਸ਼ ਵਿਸਰਜਨ ਦੇ ਦੌਰਾਨ ਭਗਤਾਂ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਮੌਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਦਸੇ ਹੋਏ ਜਿਨ੍ਹਾਂ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਤੇ ਉੱਤਰਪ੍ਰਦੇਸ਼ ਵਿੱਚ ਹੀ 15 ਲੋਕਾਂ ਦੀ ਜਾਨ ਡੁੱਬਣ ਨਾਲ ਚਲੀ ਗਈ ਹੈ ਹਾਲਾਂਕਿ ਇਸ ਦੌਰਾਨ ਕਈ ਲੋਕਾਂ ਨੂੰ ਬਚਾ ਵੀ ਲਿਆ ਗਿਆ।


ਪੰਜਾਬ ਵਿੱਚ ਵਾਪਰਿਆ ਹਾਦਸਾ


ਬਠਿੰਡਾ ਵਿੱਚ ਨਹਿਰ ਦੇ ਤੇਜ਼ ਪਾਣੀ ਵਿੱਚ ਵਿਸਰਜਨ ਕਰਨ ਮੌਕੇ ਨੌਜਵਾਨ ਰੁੜ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਮਦਦ ਨਾਲ ਉਸ ਦੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗਿਆ। ਇਸ ਤੋਂ ਇਲਾਵਾ ਬਰਨਾਲਾ ਵਿੱਚ ਵੀ  ਵਿਸਰਜਨ ਦੌਰਾਨ ਨਹਿਰ ਵਿੱਚ ਡੁੱਬਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਗੋਤਾਖੋਰਾਂ ਨੇ ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਨੌਜਵਾਨ ਦੀ ਲਾਸ਼ ਨਹਿਰ 'ਚੋਂ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸੁਨੀਲ ਸ਼ਰਮਾ ਦੀਕਸ਼ਿਤ ਬਰਨਾਲਾ ਵਿਖੇ ਬਿਜਲੀ ਦੀ ਦੁਕਾਨ 'ਤੇ ਕੰਮ ਕਰਦਾ ਸੀ। ਸ੍ਰੀ ਗਣਪਤੀ ਵਿਸਰਜਨ ਦੌਰਾਨ ਰਣੀਕੇ ਨਹਿਰ ਵਿੱਚ ਡੁੱਬਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। 


ਹਰਿਆਣਾ ਵਿੱਚ ਵਿਸਰਜਨ ਮੌਕੇ ਹਾਦਸਾ


ਗਣਪਤੀ ਵਿਸਰਜਨ ਮੌਕੇ ਹਰਿਆਣਾ ਦੇ ਮਹੇਂਦਰਗੜ੍ਹ ਜ਼ਿਲ੍ਹੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਗਣਪਤੀ ਵਿਸਰਜਨ ਮੌਕੇ 4 ਨੌਜਵਾਨਾਂ ਦੀ ਨਹਿਰ ਵਿੱਚ ਰੁੜਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ, 9 ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਸੀ ਜਿਨ੍ਹਾਂ ਵਿੱਚੋਂ ਬਾਕੀਆਂ ਨੂੰ ਤਾਂ ਬਚਾਅ ਲਿਆ ਗਿਆ ਪਰ ਇਸ ਦੌਰਾਨ 4 ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਸੋਨੀਪਤ ਵਿੱਚ ਵੀ ਵਿਸਰਜਨ ਮੌਕੇ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਦੋ ਨੌਜਵਾਨ ਮੂਰਤੀ ਵਿਸਰਜਨ ਦੌਰਾਨ ਯੁਮਨਾ ਨਦੀ ਵਿੱਚ ਵਹਿ ਗਏ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਲਾਸ਼ਾ ਨੂੰ ਬਰਾਮਦ ਕਰ ਲਿਆ ਗਿਆ।


ਉੱਤਰ ਪ੍ਰਦੇਸ਼ ਵਿੱਚ ਵੀ ਡੁੱਬਣ ਨਾਲ ਮੌਤਾਂ


ਉੱਤਰ ਪ੍ਰਦੇਸ਼ ਵਿੱਚ ਗਣਪਤੀ ਵਿਸਰਜਨ ਮੌਕੇ ਵੱਖ-ਵੱਖ ਹਾਦਸਿਆਂ ਵਿੱਚ 8 ਲੋਕਾਂ ਦੀ ਜਾਨ ਚਲੀ ਗਈ। ਸੰਤ ਕਬੀਰ ਨਗਰ ਦੀ ਆਮੀ ਨਦੀ ਵਿੱਚ ਇੱਕੋ ਪਰਿਵਾਰ ਦੇ 4 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਇੱਕ ਬੱਚੇ ਦੇ ਅਚਾਨਕ ਗਹਿਰੇ ਪਾਣੀ ਵਿੱਚ ਜਾਣ ਤੋਂ ਬਾਅਦ ਉਸ ਨੂੰ ਬਚਾਉਣ ਲਈ 4 ਬੱਚਿਆਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਉਨਾਵ ਜ਼ਿਲ੍ਹੇ ਵਿੱਚ ਵੀ ਗਣੇਸ਼ ਵਿਸਰਜਨ ਦੌਰਾਨ ਹਾਦਸਾ ਹੋਇਆ ਜਿਸ ਵਿੱਚ 5 ਲੋਕ ਵਿਸਰਜਨ ਮੌਕੇ ਤੇਜ਼ ਵਹਾਅ ਵਿੱਚ ਵਹਿ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਣੀ ਵਿੱਚ ਮੁਸ਼ੱਕਤ ਨਾਲ ਕੱਢਿਆ ਗਿਆ ਤੇ ਇਸ ਵਿੱਚੋਂ 2 ਦੀ ਮੌਤ ਹੋ ਚੁੱਕੀ ਸੀ। ਝਾਂਸੀ ਵਿੱਚ ਵੀ ਵਿਸਰਜਨ ਮੌਕੇ ਵੱਡਾ ਹਾਦਸਾ ਹੋ ਗਿਆ ਇਸ ਮੌਕੇ 2 ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। 


ਮੁੰਬਈ ਵਿੱਚ ਵਿਸਰਜਨ ਮੌਕੇ ਲੱਗਿਆ ਕਰੰਟ


ਮੁੰਬਈ ਦੇ ਪਨਵੇਲ ਵਿੱਚ ਗਣੇਸ਼ ਵਿਸਰਜਨ ਮੌਕੇ ਜਰਨੈਟਰ ਦੀ ਤਾਰ ਟੁੱਟਣ ਦੀ ਵਜ੍ਹਾ ਕਾਰਨ 11 ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ।