ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਅਸਤੀਫੇ ਦੀ ਖਬਰ ਨੂੰ ਅਫਵਾਹ ਦੱਸਿਆ ਹੈ। ਉਂਝ ਉਨ੍ਹਾਂ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਪਰ ਜਦੋਂ ਉਨ੍ਹਾਂ ਦਾ ਮਨ ਹੋਵੇਗਾ ਉਦੋਂ ਹੀ ਅਸਤੀਫਾ ਦੇਣਗੇ। ਅੱਜ ਆਪਣੇ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸਤੀਫੇ ਦੀਆਂ ਜੋ ਖਬਰਾਂ ਆ ਰਹੀਆਂ ਹਨ, ਉਹ ਗਲਤ ਹਨ ਹਾਲਾਂਕਿ ਉਨ੍ਹਾਂ ਇਹ ਕਿਹਾ ਕਿ ਸਿਹਤ ਠੀਕ ਨਹੀਂ ਰਹਿੰਦੀ ਹੈ ਪਰ ਉਹ ਅਜੇ ਅਸਤੀਫਾ ਨਹੀਂ ਦੇਣਗੇ।   ਕਾਬਲੇਗੌਰ ਹੈ ਕਿ ਅੱਜ ਚਰਚਾ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਇਸ ਬਾਰੇ ਫੈਸਲਾ ਹੋਏਗਾ। ਇਹ ਵੀ ਚਰਚਾ ਸੀ ਕਿ ਗਿਆਨੀ ਗੁਰਬਚਨ ਸਿੰਘ ਦੀ ਥਾਂ ਕਾਰਜਕਾਰੀ ਜਥੇਦਾਰ ਲਾਇਆ ਜਾ ਸਕਦਾ ਹੈ। ਗਿਆਨੀ ਗੁਰਬਚਨ ਸਿੰਘ ਨੇ ਅੱਜ ਸਾਰੀਆਂ ਖ਼ਬਰਾਂ ਦਾ ਭੋਗ ਪਾ ਦਿੱਤਾ। ਉਂਝ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਉੱਪਰ ਅਹੁਦਾ ਛੱਡਣ ਦਾ ਦਬਾਅ ਵਧਦਾ ਜਾ ਰਿਹਾ ਹੈ। ਸਿੱਖ ਬੀਬੀਆਂ ਨੂੰ ਹੈਲਮੈਟ ਤੋਂ ਛੋਟ ਦੇਣ 'ਤੇ ਜਥੇਦਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਤੀਸਰੀ ਤੇ ਪੰਜਵੀਂ ਕਲਾਸ ਦੇ ਸਿੱਖ ਇਤਿਹਾਸ ਦੇ ਸਿਲੇਬਸ ਵਿੱਚ ਛੇੜਛਾੜ ਕੀਤੀ ਗਈ ਹੈ। ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਸਿੱਖ ਇਤਿਹਾਸ ਠੀਕ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਜਾਂਚ ਕਮੇਟੀ ਬਣਾਈ ਗਈ ਸੀ, ਉਸ ਵਿੱਚ ਐਸਜੀਪੀਸੀ ਦੇ ਦੋ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਇੱਕ ਵਾਰ ਵੀ ਮੀਟਿੰਗ ਦੇ ਲਈ ਬੁਲਾਇਆ ਨਹੀਂ ਗਿਆ ਹੈ।