ਅੰਮ੍ਰਿਤਸਰ: ਬੇਸ਼ੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਬੰਦੀ ਛੋੜ ਦਿਵਸ ਵਾਲੇ ਦਿਨ ਜ਼ਬਰਦਸਤ ਵਿਰੋਧ ਹੋਇਆ, ਪਰ ਉਹ ਸੰਗਤ ਨੂੰ ਆਪਣਾ ਸੰਦੇਸ਼ ਦੇਣ ਵਿੱਚ ਸਫ਼ਲ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਸੋਸ਼ਲ ਮੀਡੀਆ 'ਤੇ ਭਰਾ ਮਾਰੂ ਜੰਗ ਬਾਰੇ ਸੁਚੇਤ ਕੀਤਾ।


ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਿੱਖ ਆਪਣੇ ਵਿਚਾਰ ਰੱਖਦਿਆਂ ਇੱਕ-ਦੂਜੇ ਪ੍ਰਤੀ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤ ਜਾਂਦੇ ਹਨ, ਜੋ ਸਿੱਖ ਨੈਤਿਕਤਾ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਨੂੰ ਭਰਾ-ਮਾਰੂ ਜੰਗ ਕਰਵਾਉਣ ਲਈ ਆਧਾਰ ਸਰੋਤ ਵਜੋਂ ਵਰਤਣਾ ਸਿੱਖ ਵਿਰੋਧੀ ਲੋਕਾਂ ਦੀ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਆਖਿਆ ਕਿ ਇਸ ਵਰਤਾਰੇ ਤੋਂ ਬਚਣ ਅਤੇ ਸਾਵਧਾਨ ਹੋਣ ਦੀ ਬੇਹੱਦ ਲੋੜ ਹੈ ਤੇ ਸਿੱਖ ਪੰਥ ਸੰਜਮ ਵਿੱਚ ਰਹਿ ਕੇ ਉਸਾਰੂ ਰੂਪ ਵਿੱਚ ਹੀ ਇਸ ਦੀ ਵਰਤੋਂ ਕਰੇ।
ਇਹ ਵੀ ਪੜ੍ਹੋ: ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਦਾ ਜ਼ਬਰਦਸਤ ਵਿਰੋਧ

 ਉਨ੍ਹਾਂ ਸਿੱਖ ਸੰਸਥਾਵਾਂ ਨੂੰ ਆਪਣੀ ਜ਼ਿੰਮੇਵਾਰੀ ਪਛਾਣਦਿਆਂ ਕਿਰਤ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਯੋਗ ਉਪਰਾਲੇ ਅਤੇ ਵਿਉਂਤਬੰਦੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਸਮੁੱਚੀਆਂ ਪੰਥਕ ਧਿਰਾਂ ਤੇ ਸੰਸਥਾਵਾਂ ਨੂੰ ਇੱਕ-ਦੂਜੇ ਨੂੰ ਭੰਡਣ ਦੀ ਬਜਾਇ ਗੁਰਬਾਣੀ ਦੀ ਰੌਸ਼ਨੀ ਵਿੱਚ ਗੁਰਮਤਿ ਅਨੁਸਾਰ ਕੀਤੇ ਕਾਰਜਾਂ ਨੂੰ ਉਤਸ਼ਾਹਤ ਕਰਨ।

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਕਿਹਾ ਕਿ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਹੁਣੇ ਤੋਂ ਵਿਉਂਤਬੰਦੀ ਕੀਤੀ ਜਾਵੇ ਤੇ ਪੰਥਕ ਸ਼ਕਤੀ ਨੂੰ ਇਕਜੁਟ ਕਰਨ ਲਈ ਰਲ-ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਉਸਾਰੂ ਸੰਵਾਦ ਪ੍ਰਕਿਰਿਆ ਨੂੰ ਮੁੜ ਸੁਰਜੀਤ ਕੀਤਾ ਜਾਵੇ, ਤਾਂ ਜੋ ਕੌਮ ਵਿਵਾਦਾਂ ਵਿੱਚੋਂ ਨਿਕਲ ਸਕੇ।

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਂਅ ਜਾਰੀ ਸੰਦੇਸ਼-