ਅੰਮ੍ਰਿਤਸਰ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਕਰਤ-ਏ-ਪਰਵਾਨ ਗੁਰਦੁਆਰਾ ਸਾਹਿਬ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਚ ਇਕ ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਿਆ ਜਦਕਿ ਇੱਕ ਸਿੱਖ ਨੌਜਵਾਨ ਦੀ ਮੌਤ ਹੋ ਗਈ।ਇਸ ਗੋਲੀਬਾਰੀ 'ਚ ਇੱਕ ਅੱਤਵਾਦੀ ਵੀ ਢੇਰ ਕਰ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।


ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਨਾ ਅਤਿ ਨਿੰਦਣਯੋਗ ਹੈ। ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਰਾਜਨੀਤੀ ਕਰੋ, ਪਰ ਰਾਜਨੀਤੀ ਦੇ ਨਾਂ 'ਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਦੁਨੀਆਂ ਨੂੰ ਗਲਤ ਦਿਸ਼ਾ ਵੱਲ ਲੈ ਜਾਵੇਗਾ।ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਸਰਕਾਰ ਨਾਲ ਗੱਲ ਕਰਕੇ ਸਿੱਖਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕਰੇ।


ਇਸ ਹਮਲੇ ‘ਚ ਕਈ ਹੋਰ ਲੋਕਾਂ ਦੀ ਮੌਤ ਦਾ ਵੀ ਖ਼ਦਸ਼ਾ ਹੈ। ਕਾਬੁਲ ‘ਚ ਡਰੇ ਹੋਏ ਸਿੱਖਾਂ ਦਾ ਦਾਅਵਾ ਹੈ ਕਿ ਆਈਐਸਆਈਐਸ ਦੇ ਹਮਲਾਵਰ ਗੁਰਦੁਆਰੇ ਅੰਦਰ ਵੜ ਗਏ। ਉਨ੍ਹਾਂ ਨੇ ਦੱਸਿਆ ਕਿ ਫਾਈਰਿੰਗ ਦੀ ਆਵਾਜ਼ ਸੁਣ ਰਹੀ ਪਰ ਅਜੇ ਤੱਕ ਇਹ ਸਾਫ਼ ਨਹੀਂ ਕਿ ਉੱਥੇ ਹੋਇਆ ਕੀ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਗੁਰਦਵਾਰਾ ਕਰਤ-ਏ-ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਕਥਿਤ ਤੌਰ ‘ਤੇ ਗੁਰਦੁਆਰੇ ਦੇ ਅੰਦਰ ਰਹਿਣ ਵਾਲੇ ਸਾਰੇ ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਮੁਤਾਬਕ ਅੱਤਵਾਦੀ ਆਈਐਸਆਈਐਸ ਦੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਗੈਰ ਕਿਸੇ ਹੋਰ ਦੇਰੀ ਦੇ ਅਫਗਾਨ ਘੱਟਗਿਣਤੀਆਂ ਨੂੰ ਫੌਰਨ ਉੱਥੋਂ ਭਾਰਤ ਵਾਪਸ ਬੁਲਾਇਆ ਜਾਵੇ। ਉਹ ਛੇ ਮਹੀਨਿਆਂ ਤੋਂ ਈ-ਵੀਜ਼ਾ ਦਾ ਇੰਤਜ਼ਾਰ ਕਰ ਰਹੇ ਹਨ।


ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਕਰਤ-ਏ-ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਹੈ। ਗੁਰਨਾਮ ਨੇ ਅਫਗਾਨਿਸਤਾਨ ਦੇ ਸਿੱਖਾਂ ਲਈ ਵਿਸ਼ਵ ਪੱਧਰ 'ਤੇ ਸਮਰਥਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਹਮਲਿਆਂ 'ਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਰਕਾਰ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਪਵਿੱਤਰ ਗੁਰਦੁਆਰੇ 'ਤੇ ਹਮਲੇ ਦੀ ਖਬਰ ਤੋਂ ਡੂੰਘੇ ਚਿੰਤਤ ਹਾਂ। ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਘਟਨਾ ਬਾਰੇ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।


ਦੱਸ ਦਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਅਕਤੂਬਰ 2021 ਵਿੱਚ ਕੁਝ ਹਥਿਆਰਬੰਦ ਵਿਅਕਤੀ ਇਸ ਗੁਰਦੁਆਰੇ ਵਿੱਚ ਦਾਖ਼ਲ ਹੋਏ ਸੀ। ਸੁਰੱਖਿਆ ਵਿੱਚ ਤਾਇਨਾਤ ਗਾਰਡਾਂ ਨੂੰ ਹਿਰਾਸਤ ਵਿੱਚ ਲੈਣ ਦੇ ਨਾਲ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦੁਪਹਿਰ ਵੇਲੇ 10-16 ਅਣਪਛਾਤੇ ਹਥਿਆਰਬੰਦ ਵਿਅਕਤੀ ਗੁਰਦੁਆਰੇ ਅੰਦਰ ਦਾਖ਼ਲ ਹੋਏ ਸੀ। ਤਿੰਨ ਗਾਰਡਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸੀ ਅਤੇ ਗੁਰਦੁਆਰੇ ਤੋਂ ਬਾਹਰ ਆਉਂਦੇ ਸਮੇਂ ਉਨ੍ਹਾਂ ਨੇ ਸੀਸੀਟੀਵੀ ਤੋੜੇ ਸੀ।