Giani Harpreet Singh VS Virsa Singh Valtoha: ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਉਪਰ ਹੋਈ ਬਹਿਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਸਖਤਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ। ਵਲਟੋਹਾ ਨੇ ਜਥੇਦਾਰ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਸਾਰਿਆਂ ਨੂੰ ਆਪਣੇ ਵਰਗਾ ਕਿੜਾਂ ਕੱਢਣ ਵਾਲਾ ਜਾਂ ਸਾਜਿਸ਼ਾਂ ਰਚਕੇ ਖੇਡਾਂ ਖੇਡਣ ਵਾਲਾ ਨਾਂ ਸਮਝੋ। ਹੁਣ ਆਪਣੀਆਂ ਕਰਤੂਤਾਂ ਦਾ ਸਾਹਮਣਾ ਕਰੋ।
ਵਲਟੋਹਾ ਨੇ ਆਪਣੇ ਫੇਸਬੁੱਕ ਅਕਾਊਂਟ ਉਪਰ ਪੋਸਟ ਸ਼ੇਅਰ ਕਰਦਿਆਂ ਲਿਖਿਆ...
ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀਉ!
15 ਅਕਤੂਬਰ ਵਾਲੀ ਮੇਰੀ ਪੇਸ਼ੀ ਸਮੇਂ ਮੇਰੇ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਵਿੱਚ ਵੀ ਮੇਰੇ ਸਾਰੇ ਇਤਰਾਜ ਤੁਹਾਡੇ ਬਾਰੇ ਸਨ। ਪੇਸ਼ੀ ਸਮੇਂ ਮੈਂ ਤੁਹਾਡੀ ਸਮੂਲੀਅਤ ਨੂੰ ਲੈ ਕੇ ਇਤਰਾਜ ਵੀ ਕੀਤਾ। ਪੇਸ਼ੀ ਸਮੇਂ ਲਗਾਤਾਰ ਤੁਹਾਡੇ ਵੱਲੋਂ ਕੀਤੇ ਜਾਂਦੇ ਤਿੱਖੇ ਜਹਿਰੀਲੇ ਸਵਾਲਾਂ ਨੂੰ ਲੈ ਕੇ ਵੀ ਮੈਂ ਬੇਨਤੀ ਕਰਦਿਆਂ ਤੁਹਾਨੂੰ ਕਿਹਾ ਸੀ ਕਿ ਸਿੰਘ ਸਾਹਿਬ ਜੀ ਸਵਾਲ ਕਰਨ ਦਾ ਅਧਿਕਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ ਹੈ, ਉਨ੍ਹਾਂ ਨੂੰ ਕਰਨ ਦਿਓ ਪਰ ਤੁਸਾਂ ਤੈਸ਼ 'ਚ ਆ ਕੇ ਅੱਗੋਂ ਜੋ ਜਵਾਬ ਦਿੱਤਾ, ਉਹ ਜਵਾਬ ਤੇ ਤਹਾਡਾ ਕੁਰੱਖਤ ਅੰਦਾਜ ਮੈਨੂੰ ਅੱਜ ਵੀ ਦੁੱਖ ਦਿੰਦਾ ਹੈ।
ਕੀ ਤੁਹਾਡਾ ਇਹ ਵਰਤਾਰਾ ਮੇਰੇ ਨਾਲ ਧੱਕਾ ਨਹੀਂ ਸੀ ?
ਸ਼੍ਰੋਮਣੀ ਕਮੇਟੀ ਤਾਂ ਤੁਹਾਡੇ ਮਾਮਲੇ 'ਚ ਧਿਰ ਨਹੀਂ,ਸਗੋਂ ਤੁਹਾਡੇ ਰਿਸ਼ਤੇਦਾਰ ਵੱਲੋਂ ਦਿੱਤੀ ਦਰਖਾਸਤ ਵਾਸਤੇ ਪੜਤਾਲ ਕਰਨ ਲਈ SGPC ਦੇ ਸੀਨੀਅਰ ਮੈਂਬਰਾਂ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜੋ ਸਾਰੇ ਪੱਖ ਸੁਨਣ ਤੋਂ ਬਾਦ ਹੀ ਆਪਣੀ ਰਿਪੋਰਟ ਪੇਸ਼ ਕਰਨਗੇ।
ਮੈਂ ਕੋਈ 15 ਅਕਤੂਬਰ ਨੂੰ ਮੇਰੇ ਬਾਰੇ ਦਿੱਤੇ ਆਦੇਸ਼ 'ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕਰ ਰਿਹਾ। ਮੈਂ ਤਾਂ ਝੋਲੀ ਅੱਡ ਕੇ ਤੁਹਾਡਾ ਆਦੇਸ਼ ਪ੍ਰਵਾਨ ਕੀਤਾ ਹੈ ਪਰ ਗਿਆਨੀ ਜੀ! ਤੁਹਾਨੂੰ ਯਾਦ ਹੋਣਾ ਤੁਸਾਂ ਮੇਰੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਆਦੇਸ਼ ਜਾਰੀ ਕੀਤਾ ਜਿਸ ਵਰਗਾ ਪਹਿਲਾਂ ਕਦੇ ਜਾਰੀ ਨਹੀਂ ਹੋਇਆ ਸੀ। ਸੋ ਸਾਰਿਆਂ ਨੂੰ ਆਪਣੇ ਵਰਗਾ ਕਿੜਾਂ ਕੱਢਣ ਵਾਲਾ ਜਾਂ ਸਾਜਿਸ਼ਾਂ ਰਚਕੇ ਖੇਡਾਂ ਖੇਡਣ ਵਾਲਾ ਨਾਂ ਸਮਝੋ।
ਸੋ ਹੁਣ ਕਰਤੂਤਾਂ ਦਾ ਸਾਮਣਾ ਕਰੋ.......।
ਦਰਅਸਲ ਸ਼੍ਰੋਮਣੀ ਕਮੇਟੀ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਗਈ। ਗੁਰਪ੍ਰੀਤ ਸਿੰਘ ਵਾਸੀ ਮੁਕਤਸਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਸ਼ਿਕਾਇਤ ਕਰਕੇ ਜਥੇਦਾਰ ’ਤੇ ਗੰਭੀਰ ਦੋਸ਼ ਲਾਏ ਸਨ। ਮਾਮਲੇ ਦੀ ਪੜਤਾਲ ਲਈ ਸਬ-ਕਮੇਟੀ ਕਾਇਮ ਕੀਤੀ ਗਈ ਹੈ। ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਤੇ ਅੰਤ੍ਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਨੂੰ ਸ਼ਾਮਲ ਕੀਤਾ ਗਿਆ। ਇਹ ਕਮੇਟੀ 15 ਦਿਨਾਂ ਵਿਚ ਪੜਤਾਲ ਮੁਕੰਮਲ ਕਰਕੇ ਆਪਣੀ ਰਿਪਰੋਟ ਪੇਸ਼ ਕਰੇਗੀ। ਇਹ ਵੀ ਫ਼ੈਸਲਾ ਹੋਇਆ ਕਿ ਪੜਤਾਲ ਦੀ ਰਿਪਰੋਟ ’ਤੇ ਫ਼ੈਸਲੇ ਤੱਕ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਵਾਲੀਆਂ ਸੇਵਾਵਾਂ ਨਿਭਾਉਣਗੇ।
ਉਧਰ, ਗਿਆਨੀ ਹਰਪ੍ਰੀਤ ਸਿੰਘ ਨੇ ਜਾਂਚ ਲਈ ਬਣਾਈ ਕਮੇਟੀ ਬਾਰੇ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦੋਸ਼ ਲਾਉਣ ਵਾਲਾ ਧੜਾ ਵੀ ਉਹੀ ਹੈ, ਉਹੀ ਧੜਾ ਜਾਂਚ ਕਰਵਾ ਰਿਹਾ ਹੈ ਤੇ ਉਹ ਹੀ ਫ਼ੈਸਲਾ ਕਰੇਗਾ। ਉਨ੍ਹਾਂ ਆਖਿਆ ਕਿ ਇਸ ਸਬੰਧੀ ਪਹਿਲਾਂ ਹੀ ਫ਼ੈਸਲਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਥੇਦਾਰਾਂ ਨੂੰ ਜ਼ਲੀਲ ਕਰਕੇ ਅਹੁਦੇ ਤੋਂ ਹਟਾਉਣ ਦਾ ਇਹ ਵਰਤਾਰਾ ਕੋਈ ਨਵਾਂ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੇਵਾਵਾਂ ਬਰਖ਼ਾਸਤ ਕਰਨ ਦਾ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਦੋਸ਼ਾਂ ਬਾਰੇ ਸਪਸ਼ਟੀਕਰਨ ਦੇ ਚੁੱਕੇ ਹਨ। ਸ਼ਹੀਦੀ ਪੰਦਰਵਾੜਾ ਖ਼ਤਮ ਹੋਣ ਤੋਂ ਬਾਅਦ ਉਹ ਮੰਗੇ ਕੁਝ ਹੋਰ ਸਵਾਲਾਂ ਦੇ ਜਵਾਬ ਦੇਣਗੇ।