ਬਠਿੰਡਾ: ਇੱਥੋਂ ਦੇ ਨਾਰਥ ਅਸਟੇਟ ਬਾਈਪਾਸ ਕੋਲ ਬਣੇ ਨਿਜੀ ਹੋਟਲ ਵਿੱਚੋਂ ਨੌਜਵਾਨ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ 22 ਸਾਲਾ ਅਮਰਜੀਤ ਕੌਰ ਵਜੋਂ ਹੋਈ ਹੈ। ਕੁੜੀ ਦੀ ਮੌਤ ਅੱਗ ਵਿੱਚ ਸੜਨ ਕਾਰਨ ਹੋਈ ਜਾਪਦੀ ਹੈ।

ਮ੍ਰਿਤਕਾ ਦੇ ਦਾਦਾ ਗੁਰਤੇਜ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਬਠਿੰਡਾ ਵਿੱਚ ਹੀ ਪੜ੍ਹਾਈ ਕਰਦੀ ਸੀ। ਉਨ੍ਹਾਂ ਦੱਸਿਆ ਕਿ ਉਹ ਬੀਸੀਏ ਦੀ ਪੜ੍ਹਾਈ ਕਰਦੀ ਸੀ ਤੇ ਪੇਪਰ ਦੇਣ ਲਈ ਪਿੰਡ ਸੰਗਤ ਤੋਂ ਸ਼ਹਿਰ ਆਈ ਸੀ।



ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਟਲ ਨੇ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਕੋਲ ਰੁਕੀ ਇੱਕ ਲੜਕੀ ਆਪਣੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹ ਰਹੀ। ਜਦ ਪੁਲਿਸ ਨੇ ਆ ਕੇ ਦਰਵਾਜ਼ਾ ਖੁੱਲ੍ਹਵਾਇਆ ਤਾਂ ਕਮਰਾ ਅੱਗ ਕਾਰਨ ਸੜਿਆ ਪਿਆ ਸੀ।

ਪੁਲਿਸ ਨੂੰ ਕਮਰੇ ਵਿੱਚੋਂ ਤੇਲ ਦੀ ਕੇਨੀ ਵੀ ਬਰਾਮਦ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਮਰੇ ਦੀ ਕੁੰਡੀ ਅੰਦਰੋਂ ਲੱਗੀ ਹੋਣ ਕਰਕੇ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ, ਪਰ ਉਨ੍ਹਾਂ ਨੂੰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਿਸ ਨੇ ਹੋਟਲ ਦਾ ਸੀਸੀਟੀਵੀ ਡੀਵੀਆਰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ।