Punjab News: ਪੰਜਾਬ ਦੇ ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ 'ਚ ਸ਼ਨੀਵਾਰ ਅੱਧੀ ਰਾਤ ਨੂੰ ਹੰਗਾਮਾ ਹੋ ਗਿਆ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇੱਥੇ ਪੜ੍ਹਦੇ ਇੱਕ ਵਿਦਿਆਰਥੀ ਨੇ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਵਾਇਰਲ ਕਰ ਦਿੱਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਵਿਦਿਆਰਥਣ ਨੇ ਇਹ ਵੀਡੀਓ ਸ਼ਿਮਲਾ 'ਚ ਰਹਿੰਦੇ ਆਪਣੇ ਦੋਸਤ ਨੂੰ ਭੇਜੀ ਸੀ। ਉਸ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਇਸ ਗੱਲ ਦਾ ਪਤਾ ਲੱਗਣ 'ਤੇ ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਯੂਨਵਰਸਿਟੀ ਨੇ ਕਿਹਾ ਕਿ ਕਿਸੇ ਨੇ ਖੁਦਕੁਸ਼ੀ ਕੋਸ਼ਿਸ਼ ਨਹੀਂ ਕੀਤਾ, ਸਗੋਂ ਕੁਝ ਵਿਦਿਆਰਥਣਾਂ ਬੇਹੋਸ਼ ਹੋਈਆਂ ਸੀ।
ਸੂਤਰਾਂ ਮੁਤਾਬਕ ਵੀਡੀਓ ਭੇਜਣ ਵਾਲੀ ਲੜਕੀ ਤੇ ਇਸ ਨੂੰ ਵਾਇਰਲ ਕਰਨ ਵਾਲਾ ਉਸ ਦਾ ਦੋਸਤ ਦੋਵੇਂ ਹੀ ਹਿਮਾਚਲ ਦੇ ਰਹਿਣ ਵਾਲੇ ਹਨ। ਪੁਲਿਸ ਨੇ ਵੀਡੀਓ ਭੇਜਣ ਵਾਲੇ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਰਾਤ ਕਰੀਬ 2.30 ਵਜੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਹਾਲਾਂਕਿ ਗੁੱਸੇ 'ਚ ਕੁੜੀਆਂ ਨੇ ਪੁਲਿਸ 'ਤੇ ਵੀ ਗੁੱਸਾ ਕੱਢਿਆ। ਉਨ੍ਹਾਂ ਨੇ ਪੁਲਿਸ ਦਾ ਵਿਰੋਧ ਕੀਤਾ ਤੇ ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਵੀ ਕੀਤੀ। ਇਸ ਸਮੇਂ ਕੈਂਪਸ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ।
ਇਸ ਮਾਮਲੇ 'ਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਲਗਾਤਾਰ ਵਿਦਿਆਰਥਣਾਂ ਦੀਆਂ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵੀਡੀਓਜ਼ ਨੂੰ ਇਕੱਠਾ ਕਰਨ ਦਾ ਮਕਸਦ ਕੀ ਸੀ? ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸ਼ਿਮਲਾ ਦੇ ਰਹਿਣ ਵਾਲੇ ਦੋਸ਼ੀ ਦੋਸਤ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕੁੜੀ ਵੀ ਹਿਮਾਚਲ ਦੀ ਹੈ ਤੇ ਮੁੰਡਾ ਵੀ ਉਥੋਂ ਦਾ। ਤਾਂ ਇਨ੍ਹਾਂ ਦੋਹਾਂ ਨੇ ਅਜਿਹਾ ਕਿਉਂ ਕੀਤਾ? ਇਸ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ।
ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਲੜਕੀ ਕਾਫੀ ਸਮੇਂ ਤੋਂ ਵਿਦਿਆਰਥਣਾਂ ਦੀ ਵੀਡੀਓ ਬਣਾ ਰਹੀ ਸੀ, ਜਿਸ ਨੂੰ ਉਹ ਸ਼ਿਮਲਾ 'ਚ ਆਪਣੇ ਦੋਸਤ ਨੂੰ ਭੇਜ ਰਹੀ ਸੀ। ਉਸ ਦੋਸਤ ਨੇ ਹੁਣ ਇਹ ਵੀਡੀਓ ਵਾਇਰਲ ਕਰ ਦਿੱਤੀ ਹੈ। ਇਹ ਪਤਾ ਲੱਗਦਿਆਂ ਹੀ ਕੁੜੀਆਂ ਦਾ ਗੁੱਸਾ ਭੜਕ ਗਿਆ। ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਨੇਜਮੈਂਟ 'ਤੇ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਦਬਾਉਣ ਦਾ ਦੋਸ਼ ਵੀ ਲਗਾਇਆ ਹੈ। ਦੇਰ ਰਾਤ ਤੱਕ ਹੰਗਾਮਾ ਜਾਰੀ ਰਿਹਾ। ਸਾਵਧਾਨੀ ਦੇ ਤੌਰ 'ਤੇ ਪੂਰੇ ਇਲਾਕੇ 'ਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਲੜਕੀਆਂ ਨਾਲ ਸਬੰਧਤ ਮਾਮਲਾ ਹੋਣ ਕਾਰਨ ਸੀਨੀਅਰ ਅਧਿਕਾਰੀਆਂ ਨੇ ਉਥੇ ਡੇਰੇ ਲਾਏ ਹੋਏ ਹਨ।