Gangster Deepak Mann: ਪੰਜਾਬ ਦੇ ਗੈਂਗਸਟਰ ਦੀਪਕ ਮਾਨ ਦੀ ਲਾਸ਼ ਸੋਨੀਪਤ ਦੇ ਹਰਸਾਣਾ ਪਿੰਡ ਤੋਂ ਮਿਲਣ ਮਗਰੋਂ ਸਨਸਨੀ ਫੈਲ ਗਈ ਹੈ। ਦੀਪਕ ਦੇ ਸਰੀਰ 'ਤੇ ਕਈ ਗੋਲੀਆਂ ਦੇ ਨਿਸ਼ਾਨ ਹਨ। ਉਧਰ, ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਦੀਪਕ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੋਨੀਪਤ ਪੁਲਿਸ ਦੀਪਕ ਦੇ ਕਤਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।


 


ਦਰਅਸਲ ਪੰਜਾਬ ਤੋਂ ਸ਼ੁਰੂ ਹੋਈ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਗੈਂਗ ਤੇ ਦਵਿੰਦਰ ਬੰਬੀਹਾ ਗੈਂਗ ਵਿਚਾਲੇ ਗੈਂਗਵਾਰ ਹੁਣ ਹਰਿਆਣਾ ਦੀ ਧਰਤੀ ਨੂੰ ਖੂਨ ਨਾਲ ਲਾਲ ਕਰਦੀ ਨਜ਼ਰ ਆ ਰਹੀ ਹੈ। ਹਰਿਆਣਾ ਦੇ ਸੋਨੀਪਤ ਦੇ ਪਿੰਡ ਹਰਸਾਣਾ 'ਚ ਦੀਪਕ ਨਾਂ ਦੇ ਸ਼ੂਟਰ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਦੀਪਕ ਮਾਨ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ ਤੇ ਪੰਜਾਬ ਪੁਲਿਸ ਦਾ ਮੋਸਟ ਵਾਂਟੇਡ ਅਪਰਾਧੀ ਸੀ।



ਗੈਂਗਸਟਰ ਦੀਪਕ ਮਾਨ ਉੱਤੇ ਪੰਜਾਬ ਵਿੱਚ ਕਈ ਕਤਲਾਂ ਨੂੰ ਅੰਜਾਮ ਦੇਣ ਦਾ ਇਲਜ਼ਾਮ ਸੀ ਤੇ ਉਹ ਦੇਵੇਂਦਰ ਬੰਬੀਹਾ ਗੈਂਗ ਦਾ ਮੁੱਖ ਸ਼ੂਟਰ ਦੱਸਿਆ ਜਾਂਦਾ ਹੈ। ਸੋਨੀਪਤ ਪੁਲਿਸ ਨੂੰ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਭਲਕੇ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।


 


ਦੱਸ ਦਈਏ ਕਿ ਉੱਤਰੀ ਭਾਰਤ 'ਚ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦੀ ਦਵਿੰਦਰ ਬੰਬੀਹਾ ਗੈਂਗ ਨਾਲ ਗੈਂਗਵਾਰ ਪੰਜਾਬ 'ਚ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹੁਣ ਹਰਿਆਣਾ ਵੀ ਇਨ੍ਹਾਂ ਦੋਹਾਂ ਧੜਿਆਂ ਦੀ ਗੈਂਗ ਵਾਰ ਤੋਂ ਅਛੂਤਾ ਨਹੀਂ ਜਾਪਦਾ। ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵੀ ਹਰਿਆਣਾ ਦੇ ਸ਼ੂਟਰਾਂ ਦਾ ਦਾ ਨਾਂ ਸਾਹਮਣੇ ਆਇਆ ਸੀ ਪਰ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੇਵੇਂਦਰ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਦੀਪਕ ਮਾਨ ਦੀ ਲਾਸ਼ ਪਿੰਡ ਹਰਸਾਣਾ ਦੇ ਖੇਤਾਂ ਵਿੱਚੋਂ ਮਿਲੀ। 



ਉਧਰ, ਗੋਲਡੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੀਪਕ 'ਤੇ ਪੰਜਾਬ 'ਚ ਦੋ ਦਰਜਨ ਤੋਂ ਵੱਧ ਅਪਰਾਧ ਕਰਨ ਦਾ ਦੋਸ਼ ਸੀ ਤੇ ਉਹ ਮੋਸਟ ਵਾਂਟੇਡ ਲਿਸਟ 'ਚ ਟਾਪ 'ਤੇ ਸੀ। ਪੰਜਾਬ ਪੁਲਿਸ ਦੀ ਗ੍ਰਿਫਤ 'ਚੋਂ ਫਰਾਰ ਸੀ। 


 


ਗੈਂਗਸਟਰ ਦੀਪਕ ਦੀ ਲਾਸ਼ ਮਿਲਣ ਦੀ ਸੂਚਨਾ ਮਿਲਣ 'ਤੇ ਸੋਨੀਪਤ ਸਦਰ ਥਾਣੇ ਦੇ ਨਾਲ-ਨਾਲ ਕ੍ਰਾਈਮ ਬ੍ਰਾਂਚ ਦੀ ਟੀਮ ਹਰਿਆਣਾ ਐਸਟੀਐੱਫ ਵੀ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।


ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਜੀਤ ਸਿੰਘ ਬੈਨੀਵਾਲ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਹਰਸਾਣਾ ਦੇ ਖੇਤਾਂ 'ਚ ਇੱਕ ਲਾਸ਼ ਪਈ ਹੈ। ਇਸ ਸੂਚਨਾ 'ਤੇ ਅਸੀਂ ਮੌਕੇ 'ਤੇ ਪਹੁੰਚੇ। ਇੱਥੇ ਤੇ ਜਦੋਂ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਦੀਪਕ ਨਾਮਕ ਸ਼ੂਟਰ ਦਾ ਪਤਾ ਲੱਗਾ। ਇਹ ਇੱਕ ਗੈਂਗਸਟਰ ਹੈ ਜੋ ਪੰਜਾਬ ਪੁਲਿਸ ਦਾ ਮੋਸਟ ਵਾਂਟੇਡ ਅਪਰਾਧੀ ਹੈ। ਅਸੀਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ ਤੇ ਅਸੀਂ ਪੰਜਾਬ ਪੁਲਿਸ ਨਾਲ ਵੀ ਸੰਪਰਕ ਕਰ ਰਹੇ ਹਾਂ।