ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਭਾਰਤ ਤੋਂ ਲੈ ਕੇ ਕੈਨੇਡਾ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਉਹ ਗੈਂਗਸਟਰ ਹੈ ਪਰ ਕੈਨੇਡਾ ਦੀ ਪੁਲਿਸ ਕੋਲ ਉਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ। ਇਹ ਵੀ ਖੁਲਾਸਾ ਹੋਇਆ ਹੈ ਕਿ ਗੋਲਡੀ ਬਰਾੜ ਨੂੰ ਕੈਨੇਡਾ ਵਿੱਚ ਲੱਭਣਾ ਵੀ ਸੌਖਾ ਨਹੀਂ ਕਿਉਂਕਿ ਇਸ ਨਾਂ ਦਾ ਬੰਦਾ ਰਿਕਾਰਡ ਵਿੱਚ ਹੈ ਹੀ ਨਹੀਂ।
ਕੈਨੇਡਾ ਦੇ ਪੁਲਿਸ ਅਧਿਕਾਰੀਆਂ ਮੁਤਾਬਕ ਗੋਲਡੀ ਬਰਾੜ ਨਾਮ ਵਾਲੇ ਵਿਅਕਤੀ ਬਾਰੇ ਕਿਧਰੇ ਵੀ ਕੋਈ ਜਾਣਕਾਰੀ ਜਾਂ ਹਵਾਲਾ ਨਹੀਂ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕਰਕੇ ਇਸ ਨਾਮ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਕੈਨੇਡਾ ਪੁਲਿਸ ਵੀ ਚੌਕਸ ਹੈ ਪਰ ਇਸ ਨਾਂ ਦੇ ਬੰਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਕੈਨੇਡੀਅਨ ਪੁਲਿਸ ਦੇ ਸੂਤਰਾਂ ਮੁਤਾਬਕ ਬਰਾੜ ਗੋਤ ਵਾਲੇ ਚਾਰ ਕੁ ਦਰਜਨ ਨਾਂ ਪੁਲਿਸ ਰਿਕਾਰਡ ਵਿੱਚ ਹਨ ਪਰ ਇਨ੍ਹਾਂ ’ਚੋਂ ਕਿਸੇ ਦਾ ਨਾਮ ਗੋਲਡੀ ਨਹੀਂ। ਉਸ ਦਾ ਅਸਲ ਨਾਮ ਕੁਝ ਹੋਰ ਹੋ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਉਸ ਦੀ ਜਨਮ ਮਿਤੀ ਜਾਂ ਕੋਈ ਸਰੀਰਕ ਨਿਸ਼ਾਨੀ ਮਿਲੇ ਤਾਂ ਕੁਝ ਪਤਾ ਲੱਗ ਸਕਦਾ ਹੈ, ਪਰ ਉਹ ਵੀ ਤਾਂ ਜੇ ਉਹ ਕੈਨੇਡਾ ਵਿੱਚ ਕਿਸੇ ਅਪਰਾਧਕ ਗਤੀਵਿਧੀ ਵਿੱਚ ਸ਼ਾਮਲ ਰਿਹਾ ਹੋਵੇ।
ਪੰਜ ਵਿਅਕਤੀਆਂ ਨੂੰ ਦੇਹਰਾਦੂਨ ਤੋਂ ਹਿਰਾਸਤ 'ਚ ਲਿਆ
ਉਧਰ, ਉੱਤਰਾਖੰਡ ਪੁਲਿਸ ਨਾਲ ਸਾਂਝੇ ਅਪਰੇਸ਼ਨ ਵਿੱਚ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਪੰਜ ਵਿਅਕਤੀਆਂ ਨੂੰ ਦੇਹਰਾਦੂਨ ਤੋਂ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ’ਤੇ ਹੱਤਿਆ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਮਨਪ੍ਰੀਤ ਢੈਪਈ ਉਰਫ਼ ਮੰਨਾ ’ਚ ਜਾਂਚ ਟੀਮ ਨੂੰ ‘ਜ਼ਿਆਦਾ ਦਿਲਚਸਪੀ’ ਹੈ। ਉਹ ਅਪਰਾਧਕ ਪਿਛੋਕੜ ਦਾ ਹੈ, ਹਾਲਾਂਕਿ ਉਸ ਨੇ ਜ਼ਿਆਦਾ ਖ਼ਤਰਨਾਕ ਕਿਸਮ ਦੇ ਅਪਰਾਧ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਕੁਝ ਗੈਂਗਸਟਰਾਂ ਨਾਲ ਜੁੜਿਆ ਹੋਇਆ ਸੀ। ਬਾਕੀ ਸਾਰੇ ਉਸ ਦੇ ਸਾਥੀ ਹਨ ਜਿਨ੍ਹਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ।
ਇਸੇ ਦੌਰਾਨ ਸਿੱਧੂ ’ਤੇ ਹਮਲਾ ਕਰਨ ਵਾਲੇ ਅੱਠ ਹਮਲਾਵਰਾਂ ਦੀ ਪੈੜ ਨੱਪਣ ਲਈ ਪੁਲਿਸ ਨੇ ਬਠਿੰਡਾ ਤੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਸੂਬਿਆਂ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਛਾਪੇ ਮਾਰੇ ਹਨ। ਸੂਤਰਾਂ ਮੁਤਾਬਕ ਮੰਨਾ ਢੈਪਈ ਪਿੰਡ ਨਾਲ ਸਬੰਧਤ ਹੈ ਜੋ ਕਤਲ ਵਾਲੀ ਥਾਂ ਜਵਾਹਰਕੇ ਪਿੰਡ ਦੇ ਨੇੜੇ ਹੀ ਹੈ। ਉਸ ਨੂੰ ਹਾਲੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ।