Paddy Lifting Update: ਪੰਜਾਬ ਦੇ ਕਿਸਾਨਾਂ ਲਈ ਰਾਹਤ ਦੀ ਖਬਰ ਹੈ। ਪੰਜਾਬ ਸਰਕਾਰ ਤੇ ਕਿਸਾਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਆਖਰਕਾਰ ਝੋਨੇ ਦੀ ਲਿਫਟਿੰਗ ਤੇਜ਼ ਹੋ ਗਈ ਹੈ। ਅੱਜ ਸੋਮਵਾਰ ਨੂੰ ਪੰਜਾਬ ਵਿੱਚ 2288 ਮਿੱਲਰ ਝੋਨੇ ਦੀ ਲਿਫਟਿੰਗ ਕਰ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੱਲ੍ਹ 4 ਲੱਖ ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋਈ ਹੈ। ਜਦੋਂਕਿ ਅੱਜ ਇਹ ਅੰਕੜਾ 5 ਲੱਖ ਮੀਟਰਕ ਟਨ ਤੱਕ ਪਹੁੰਚਣ ਦੀ ਸੰਭਾਵਨਾ ਹੈ।


ਦੂਜੇ ਪਾਸੇ ਕਿਸਾਨ ਅੱਜ ਵੀ ਹਾਈਵੇਅ ਦੇ ਕਿਨਾਰੇ ਬੈਠੇ ਹੋਏ ਹਨ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਸਮਝੌਤਾ ਹੋ ਗਿਆ ਹੈ। ਜੇਕਰ ਕੇਂਦਰ ਤੇ ਪੰਜਾਬ ਸਰਕਾਰਾਂ ਹੁਣ ਪਿੱਛੇ ਹਟਦੀਆਂ ਹਨ ਤਾਂ ਕੀ ਸਾਨੂੰ ਵਿਰੋਧ ਕਰਨ ਦਾ ਹੱਕ ਨਹੀਂ ? ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਕੱਲ੍ਹ ਹੋਏ ਸਮਝੌਤੇ ਦੇ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ।


ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਆੜ੍ਹਤੀਆਂ ਨੇ ਸ਼ੈਲਰ ਮਾਲਕਾਂ ਦੇ ਨਾਂ ’ਤੇ ਕਿਸਾਨਾਂ ’ਤੇ ਕਟੌਤੀਆਂ ਕੀਤੀਆਂ ਹਨ, ਉਹ ਚਾਹੇ ਅਨਾਜ ਹੋਵੇ ਜਾਂ ਪੈਸਾ, ਜੋ ਵੀ ਕਿਸਾਨ ਇਸ ਲਈ ਅੱਗੇ ਆਉਣਗੇ, ਉਨ੍ਹਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ। ਇਹ ਉਨ੍ਹਾਂ ਦੀ ਵੱਡੀ ਪ੍ਰਾਪਤੀ ਹੈ।


ਪੰਧੇਰ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਝੋਨੇ ਦੀ ਲਿਫਟਿੰਗ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਡੀਏਪੀ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਸਾਰੇ ਦੁਕਾਨਦਾਰ ਆਪਣੇ ਡੀਏਪੀ ਸਟਾਕ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਕਿਸਾਨਾਂ 'ਤੇ ਕਿਸੇ ਹੋਰ ਚੀਜ਼ ਦੀ ਖਰੀਦ ਲਈ ਕੋਈ ਦਬਾਅ ਨਹੀਂ ਹੋਵੇਗਾ।


ਪੰਧੇਰ ਨੇ ਕਿਹਾ ਕਿ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਬਿਆਨ ਆਇਆ ਹੈ, ਉਹ ਕਹਿੰਦੇ ਹਨ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਉਨ੍ਹਾਂ ਦੇ ਬਿਆਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੀ ਨਜ਼ਰ ਇਸ ਤਰ੍ਹਾਂ ਹੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ੈਲਰ ਮਾਲਕਾਂ ਨਾਲ ਸਰਕਾਰ ਦੇ ਮਤਭੇਦ ਨਾ ਹੁੰਦੇ ਤਾਂ ਇਹ ਸਮੱਸਿਆ ਪੈਦਾ ਹੀ ਨਹੀਂ ਹੋਣੀ ਸੀ। ਇਹ ਸਮੱਸਿਆ ਸਰਕਾਰ ਕਾਰਨ ਪੈਦਾ ਹੋਈ ਹੈ।