Punjab News: ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਾਰੇ ਮੁਲਾਜ਼ਮਾਂ ਦੀ ਛੁੱਟੀ ‘ਤੇ ਜਿਹੜੀ ਪਾਬੰਦੀ ਲਾਈ ਸੀ, ਉਸ ਨੂੰ ਹਟਾ ਦਿੱਤਾ ਹੈ। ਦੱਸ ਦਈਏ ਕਿ ਜਦੋਂ ਦੋਹਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਮਾਹੌਲ ਸੀ ਤਾਂ ਉਦੋਂ ਸਰਕਾਰੀ ਮੁਲਾਜ਼ਮਾਂ ਨੂੰ ਛੁੱਟੀ ਨਾ ਲੈਣ ਦੇ ਨਿਰਦੇਸ਼ ਦਿੱਤੇ ਸਨ। ਪਰ ਹੁਣ ਇਹ ਹੁਕਮ ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਸਰਕਾਰੀ ਮੁਲਾਜ਼ਮ ਛੁੱਟੀ ਵਾਪਸ ਲੈ ਸਕਦੇ ਹਨ।
ਜ਼ਿਕਰ ਕਰ ਦਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੁਰਨ ਮਾਹੌਲ ਬਣਿਆ ਹੋਇਆ ਸੀ, ਭਾਰਤ ਨੇ ਪਾਕਿਸਤਾਨ ‘ਤੇ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਆਪਰੇਸ਼ਨ ਸਿੰਦੂਰ ਚਲਾਇਆ ਸੀ ਜਿਸ ਤਹਿਤ ਭਾਰਤ ਨੇ ਪਾਕਿਸਤਾਨ ਦੇ ਕਈ ਅੱਤਵਾਦੀ ਟਿਕਾਣੇ ਤਬਾਹ ਕੀਤੇ ਸਨ। ਉੱਥੇ ਹੀ 100 ਅੱਤਵਾਦੀ ਵੀ ਮਾਰ ਦਿੱਤੇ ਸਨ, ਜਿਸ ਤੋਂ ਬਾਅਦ ਪਾਕਿਸਤਾਨ ਵੀ ਨਹੀਂ ਟਲਿਆ ਤੇ ਉਸ ਨੇ ਭਾਰਤ ਦੇ ਕਈ ਸਰਹੱਦੀ ਇਲਾਕਿਆਂ ‘ਤੇ ਡਰੋਨ ਨਾਲ ਹਮਲੇ ਕੀਤੇ, ਜਿਸ ਵਿੱਚ ਇੱਕ ਪਰਿਵਾਰ ਵੀ ਸੜ ਗਿਆ ਸੀ ਅਤੇ ਕਈ ਮਿਜ਼ਾਈਲਾਂ ਵੀ ਮਿਲੀਆਂ ਸਨ। ਇਸ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਜੰਗਬੰਦੀ ‘ਤੇ ਸਹਿਮਤੀ ਬਣੀ ਅਤੇ ਮਾਹੌਲ ਹੌਲੀ-ਹੌਲੀ ਆਮ ਵਾਂਗ ਹੋ ਗਿਆ।