Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਬਾਣੀ ਦੇ ਲਾਈਵ ਪ੍ਰਸਾਰਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਲਏ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬਾਦਲ ਦੇ ਚਹੇਤੇ ਚੈਨਲ ਲਈ ਗੁਰਬਾਣੀ ਦੇ ਲਾਈਵ ਟੈਲੀਕਾਸਟ ਤੋਂ ਹੱਥ ਪਿੱਛੇ ਖਿੱਚ ਲਿਆ ਹੈ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਮੁਫ਼ਤ ਪ੍ਰਸਾਰਣ ਰਾਹੀਂ ਗੁਰਬਾਣੀ ਸੰਦੇਸ਼ ਘਰ-ਘਰ ਪਹੁੰਚਾਉਣ ਨੂੰ ਯਕੀਨੀ ਬਣਾਉਣ ਦੀ ਬਜਾਏ ਆਪਣੇ ਪੁਰਾਣੇ ਵਾਅਦੇ ਤੋਂ ਯੂ-ਟਰਨ ਲਿਆ ਹੈ। ਇਸ ਦਾ ਕਾਰਨ ਗੁਰਬਾਣੀ ਪ੍ਰਸਾਰਣ ਦੇ ਏਕਾਧਿਕਾਰ ਨੂੰ ਇੱਕ ਚੈਨਲ ਦੇ ਹੱਥਾਂ ਵਿੱਚ ਕਾਇਮ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮਨੁੱਖਤਾ ਦੇ ਉੱਚੇਰੇ ਹਿੱਤਾਂ ਦੀ ਬਜਾਏ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਦੇ ਮਾਮਲੇ ਨੂੰ ਬੇਲੋੜਾ ਲਟਕਾਉਣ ਦੇ ਨਾਲ ਬਾਦਲ ਪਰਿਵਾਰਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। 






ਸੀਐਮ ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਇੱਕ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦਾ ਮੁਫ਼ਤ ਪ੍ਰਸਾਰਣ ਕਰਨ ਲਈ ਕਿਹਾ ਸੀ। ਪਰ ਕਮੇਟੀ ਹੱਥ ਜੋੜ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਜਥੇਦਾਰ ਸਾਹਿਬ ਨੇ ਗੁਰਬਾਣੀ ਪ੍ਰਸਾਰਣ ਲਈ ਕਿਸੇ ਵੀ ਚੈਨਲ ਦਾ ਨਾਂ ਨਹੀਂ ਲਿਆ ਹੈ। ਪਰ ਸ਼੍ਰੋਮਣੀ ਕਮੇਟੀ ਨੇ ਅੰਨ੍ਹੀ ਵਫ਼ਾਦਾਰੀ ਦਿਖਾਉਂਦੇ ਹੋਏ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਉਸੇ ਚੈਨਲ ਨੂੰ ਗੁਰਬਾਣੀ ਦਾ ਪ੍ਰਸਾਰਣ ਜਾਰੀ ਰੱਖਣ ਲਈ ਕਿਹਾ ਹੈ।


ਸੀ.ਐਮ ਮਾਨ ਨੇ ਦੁਹਰਾਇਆ ਕਿ ਜੇਕਰ ਸੂਬਾ ਸਰਕਾਰ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਗੁਰਬਾਣੀ ਦੇ ਲਾਈਵ ਅਤੇ ਮੁਫ਼ਤ ਪ੍ਰਸਾਰਣ ਦੇ ਸਾਰੇ ਪ੍ਰਬੰਧ 24 ਘੰਟਿਆਂ ਵਿੱਚ ਕੀਤੇ ਜਾ ਸਕਦੇ ਹਨ। ਉਨ੍ਹਾਂ ਸਰਕਾਰੀ ਸਮਾਗਮਾਂ ਨੂੰ ਲਾਈਵ ਫੀਡ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਵਾਰ ਇਹ ਪ੍ਰਬੰਧ ਇੱਕ ਘੰਟੇ ਵਿੱਚ ਵੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਹਰ ਸੈਟੇਲਾਈਟ ਅਤੇ ਵੈੱਬ ਚੈਨਲ 'ਤੇ ਗੁਰਬਾਣੀ ਦਾ ਮੁਫ਼ਤ ਪ੍ਰਸਾਰਣ ਯਕੀਨੀ ਬਣਾਇਆ ਜਾਵੇਗਾ। ਇਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।