ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਸੂਬੇ ਵਿੱਚ ਚੱਲ ਰਹੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਬੇਮੌਸਮੀ ਮੌਸਮ ਨਾਲ ਹੋਏ ਖਰਾਬ ਹੋਈ ਫਸਲ ਦਾ ਜਾਇਜ਼ਾ ਲੈਣ ਲਈ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਹੰਗਾਮੀ ਮੀਟਿੰਗ ਕੀਤੀ। ਮੀਟਿੰਗ ਵਿੱਚ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਕਿ ਉਹ ਹਰ ਹਾਲਤ ਵਿੱਚ ਯਕੀਨੀ ਬਣਾਉਣ ਕਿ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦੀ ਗਈ ਫਸਲ ਦੀ ਫੌਰੀ ਤੌਰ ਉਤੇ ਖਰੀਦ ਹੋਵੇ। ਇਸ ਦੇ ਨਾਲ ਹੀ 48 ਘੰਟੇ ਦੇ ਅੰਦਰ-ਅੰਦਰ ਖਰੀਦੀ ਫਸਲ ਦੀ ਅਦਾਇਗੀ ਕਿਸਾਨ ਦੇ ਖਾਤੇ ਵਿੱਚ ਯਕੀਨੀ ਬਣਾਈ ਜਾਵੇ।


 ਸ੍ਰੀ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਕਿ ਉਹ ਹਰ ਰੋਜ਼ ਆਪਣੇ ਜਿਲ੍ਹੇ ਦੀ ਖਰੀਦ ਏਜੰਸੀਆਂ ਨਾਲ ਮੀਟਿੰਗ ਕਰਨ ਜਿਸ ਵਿੱਚ ਉਹ ਜਿਲ੍ਹੇ ਦੀ ਹਰ ਮੰਡੀ ਦੇ ਵਿੱਚ ਹੋ ਰਹੀ ਖਰੀਦ ਦੀ ਸਮੀਖਿਆ ਕਰਨ। ਸ੍ਰੀ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਉਹ ਨਿੱਜੀ ਤੌਰ ਤੇ ਮੰਡੀਆਂ ਦਾ ਦੌਰਾ ਕਰਨ।


ਸ੍ਰੀ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਆਦੇਸ਼ ਦਿੱਤਾ ਕਿ ਉਹ ਬੇਮੌਸਮੀ ਬਾਰਿਸ਼ ਨਾਲ ਹੋਏ ਕਿਸਾਨਾਂ ਦੇ ਨੁਕਸਾਨ ਸਬੰਧੀ ਸਰਕਾਰ ਨੂੰ ਫੌਰੀ ਤੌਰ ਉਤੇ ਰਿਪੋਰਟ ਭੇਜਣ। ਜਿਸ ਕਿਸੇ ਪਿੰਡ ਵਿੱਚ ਵੀ ਬੇਮੌਸਮੀ ਬਾਰਿਸ਼ ਕਾਰਨ ਫਸਲ ਦਾ ਨੁਕਸਾਨ ਹੋਇਆ ਹੈ, ਉਸ ਪਿੰਡ ਦਾ ਡਿਪਟੀ ਕਮਿਸ਼ਨਰ ਜਾਂ ਐਸ.ਡੀ.ਐਮ. ਵੱਲੋਂ ਨਿੱਜੀ ਤੌਰ ਉਤੇ ਦੌਰਾ ਕੀਤਾ ਜਾਵੇ। 


 ਸ੍ਰੀ ਵਰਮਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਸੀਜ਼ਨ ਵਿੱਚ ਮੰਡੀਆਂ ਵਿੱਚ ਕੁੱਲ 132 ਲੱਖ ਮੀਟਿਰਕ ਟਨ ਕਣਕ ਦੀ ਆਮਦ ਦੀ ਸੰਭਾਵਨਾ ਹੈ। ਇਸ ਵਿੱਚੋਂ ਹੁਣ ਤੱਕ ਮੰਡੀਆਂ ਵਿੱਚ 17.14 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਇਸ ਵਿੱਚੋਂ 13.23 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕਰ ਲਈ ਗਈ ਹੈ। ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਨਿਯਮਾਂ ਅਨੁਸਾਰ ਖਰੀਦੀ ਕਣਕ ਦੀ ਕਿਸਾਨ ਨੂੰ 48 ਘੰਟੇ ਦੇ ਅੰਦਰ ਅਦਾਇਗੀ ਕੀਤੀ ਜਾਣੀ ਹੁੰਦੀ ਹੈ।ਇਸ ਅਨੁਸਾਰ ਹੁਣ ਤੱਕ ਕਿਸਾਨਾਂ ਨੂੰ 752 ਕਰੋੜ ਰੁਪਏ ਦੀ ਅਦਾਇਗੀ ਕਰਨੀ ਬਣਦੀ ਸੀ। ਇਸ ਦੇ ਮੁਕਾਬਲੇ ਹੁਣ ਤੱਕ ਕਿਸਾਨਾਂ ਨੂੰ 898 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਭਾਵ ਕਈ ਕਿਸਾਨਾਂ ਨੂੰ 48 ਘੰਟੇ ਤੋਂ ਵੀ ਪਹਿਲਾਂ ਅਦਾਇਗੀ ਕੀਤੀ ਗਈ ਹੈ। 


 ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਕਿ ਉਹ ਖਰੀਦੀ ਫਸਲ ਦੀ ਲਿਫਟਿੰਗ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਸਰਕਾਰ ਐਫ.ਸੀ.ਆਈ. ਨਾਲ ਨਿਰੰਤਰ ਤਾਲਮੇਲ ਕਰਕੇ ਰੋਜ਼ਾਨਾ ਸਪੈਸ਼ਲ ਗੱਡੀਆਂ ਲਗਵਾ ਰਹੀ ਹੈ। ਉਨ੍ਹਾਂ ਕਿਹਾ ਕਿ 20 ਅਪਰੈਲ ਤੱਕ ਸਪੈਸ਼ਲ ਗੱਡੀਆਂ ਰਾਹੀਂ 61 ਹਜ਼ਾਰ ਮੀਟਰਿਕ ਟਨ ਕਣਕ ਭੇਜੀ ਜਾ ਚੁੱਕੀ ਹੈ ਅਤੇ ਅੱਜ 21 ਅਪਰੈਲ ਨੂੰ 9 ਸਪੈਸ਼ਲ ਗੱਡੀਆਂ ਰਾਹੀਂ 24 ਹਜ਼ਾਰ ਮੀਟਰਿਕ ਟਨ ਹੋਰ ਕਣਕ ਭੇਜੀ ਜਾ ਰਹੀ ਹੈ ਜਿਸ ਨਾਲ ਕੁੱਲ ਮਿਲਾ ਕੇ 85 ਹਜ਼ਾਰ ਮੀਟਰਿਕ ਟਨ ਕਣਕ ਭੇਜ ਦਿੱਤੀ ਜਾਵੇਗੀ। ਭਲਕੇ 22 ਅਪਰੈਲ ਨੂੰ 26 ਸਪੈਸ਼ਲ ਗੱਡੀਆਂ ਲੱਗਣਗੀਆਂ।