ਚੰਡੀਗੜ੍ਹ : ਨਜਾਇਜ਼ ਮਾਈਨਿੰਗ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਵੱਲੋਂ ਵੱਡਾ ਵਾਰ ਕੀਤਾ ਜਾ ਰਿਹਾ ਹੈ। ਗੈਰ-ਕਾਨੂੰਨੀ ਮਾਈਨਿੰਗ 'ਤੇ ਸਰਕਾਰ ਹੁਣ ਵੱਡਾ ਪੈਂਤੜਾ ਖੇਡੇਗੀ। ਇਹ ਜਾਣਕਾਰੀ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਮਾਈਨਿੰਗ 1 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ , ਜਦਕਿ ਪਿਛਲੀ ਸਰਕਾਰ ਵੇਲੇ 40000 ਮੀਟ੍ਰਿਕ ਟਨ ਕਾਨੂੰਨੀ ਮਾਈਨਿੰਗ ਹੁੰਦੀ ਸੀ। 


 

ਹਰਜੋਤ ਬੈਂਸ ਨੇ ਦੱਸਿਆ ਕਿ ਪਿਛਲੇ ਸਾਲ ਰੋਪੜ ਵਿੱਚ 1234 ਮੀਟ੍ਰਿਕ ਟਨ ਦੀ ਖੁਦਾਈ ਕੀਤੀ ਗਈ ਸੀ। ਇਸ ਸਾਲ ਰੋਪੜ ਵਿੱਚ 11307 ਮੀਟ੍ਰਿਕ ਟਨ ਦੀ ਖੁਦਾਈ ਕੀਤੀ ਗਈ। ਪਿਛਲੇ ਸਾਲ ਲੁਧਿਆਣਾ ਵਿੱਚ 2785 ਮੀਟ੍ਰਿਕ ਟਨ ਮਾਈਨਿੰਗ ਹੋਈ ਸੀ। ਇਸ ਸਾਲ ਲੁਧਿਆਣਾ ਵਿੱਚ 22397 ਮੀਟ੍ਰਿਕ ਟਨ ਦੀ ਖੁਦਾਈ ਕੀਤੀ ਗਈ। ਕਾਨੂੰਨੀ ਮਾਈਨਿੰਗ ਦੇ ਭਰਨ ਨਾਲ ਸਰਕਾਰੀ ਖ਼ਜ਼ਾਨੇ ਵਿੱਚ ਵਾਧਾ ਹੋਵੇਗਾ।


 

 ਦੱਸ ਦੇਈਏ ਕਿ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿਛਲੇ ਮਹੀਨੇ ਸੂਬੇ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਪੱਕੇ ਤੌਰ ‘ਤੇ ਰੋਕਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਲਿਖਤੀ ਹਦਾਇਤ ਕੀਤੀ ਸੀ। ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ਵਿੱਚ ਕੈਬਨਿਟ ਮੰਤਰੀ ਨੇ ਸਪੱਸਟ ਤੌਰ’ਤੇ ਕਿਹਾ ਸੀ ਹੈ ਕਿ ਇਹ ਗੱਲ ਸਾਫ ਹੈ ਕਿ ਪੰਜਾਬ ਸਰਕਾਰ ਗ਼ੈਰ-ਕਾਨੂੰਨੀ ਮਾਈਨਿੰਗ ਦੇ ਖਿਲਾਫ ਹੈ। 

 

ਮੇਰੇ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਇਸ ਲਈ ਤੁਹਾਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਆਪਣੇ ਜ਼ਿਲ੍ਹੇ ਦੇ ਮਾਈਨਿੰਗ ਅਫਸਰ ਤੋਂ ਜਾਣਕਾਰੀ ਲਈ ਜਾਵੇ ਅਤੇ ਅਲਾਟ ਕੀਤੀਆਂ ਖੱਡਾਂ ਦੀ ਨਿਸਾਨਦੇਹੀ ਕਰਕੇ ਝੰਡਾ ਲਗਾ ਦਿੱਤਾ ਜਾਵੇ ਤਾਂ ਜੋ ਇਹ ਸਪੱਸਟ ਹੋ ਸਕੇ ਕਿ ਮਾਈਨਿੰਗ ਇਨਾਂ ਥਾਵਾਂ ਤੋਂ ਹੀ ਕੀਤੀ ਜਾਣੀ ਹੈ।