ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ 'ਤੇ ਜੋ ਸਵਾਲ ਖੜ੍ਹੇ ਕੀਤੇ ਗਏ ਸਨ, ਉਹਨਾਂ ਦਾ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਵਿੱਚ ਜਵਾਬ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੋਈ ਮਰਿਆਦਾ ਹੁੰਦੀ ਹੈ। ਮੈਨੂੰ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਮੇਰਾ ਬਹੁਤ ਮਜ਼ਾਕ ਉਡਾਇਆ ਹੈ। ਸੈਸ਼ਨ ਵਿੱਚ ਕਹਿ ਰਹੇ ਸਨ ਕਿ ਰਾਜਪਾਲ ਉਹਨਾਂ ਨੂੰ ਬਹੁਤ ਲਵ ਲੈਟਰ ਲਿਖ ਰਹੇ ਹਨ। ਭਗਵੰਤ ਮਾਨ ਨੇ ਲਵ ਲੈਟਰ ਸ਼ਬਦਾਂ ਦੀ ਵਰਤੋਂ ਕੀਤੀ। ਰਾਜਪਾਲ ਨੇ ਸਵਾਲ ਖੜ੍ਹਾ ਕੀਤਾ ਕਿ ਇੱਕ ਮੁੱਖ ਮੰਤਰੀ ਨੂੰ ਗਵਰਨਰ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ?
ਰਾਜਪਾਲ ਨੇ ਕਿਹਾ ਕਿ ਸਰਕਾਰ ਦੇ ਕੰਮਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਲੈਟਰ ਲਿਖਣਾ ਮੇਰਾ ਅਧਿਕਾਰ ਹੈ। ਮੇਰੇ ਕੋਲ ਸੁਪਰੀਮ ਕੋਰਟ ਦੇ ਹੁਕਮ ਵੀ ਹਨ। ਮੈਂ ਸਰਕਾਰ ਤੋਂ ਸਵਾਲ ਕਰ ਸਕਦਾ ਹਾਂ। ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੈਂ ਉਹਨਾਂ ਤੋਂ ਸਰਕਾਰ ਦੇ ਕੰਮ ਕਾਜ ਬਾਰੇ ਜਾਣਕਾਰੀ ਮੰਗੀ ਹੈ ਨਾ ਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਸਵਾਲ ਪੁੱਛੇ ਹਨ। ਮੈਂ ਭਗਵੰਤ ਮਾਨ ਨੂੰ ਖੁੱਲ੍ਹੀ ਛੋਟ ਦਿੰਦਾ ਹਾਂ ਕਿ ਜੇਕਰ ਇਹਨਾਂ ਸ਼ਬਦਾਂ ਤੋਂ ਵੀ ਹੇਠਾਂ ਕੋਈ ਸ਼ਬਦਾਵਲੀ ਹੈ ਤਾਂ ਉਹ ਮੇਰੇ ਲਈ ਵਰਤ ਸਕਦੇ ਹਨ। ਪਰ ਮੇਰੇ ਪੁੱਛੇ ਹੋਏ ਹਰ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਨੂੰ ਦੇਣਾ ਹੀ ਪਵੇਗਾ। ਮੇਰੇ ਕੋਲ ਸੰਵਿਧਾਨਕ ਜ਼ਿੰਮੇਵਾਰੀ ਹੈ ਕਿ ਸਰਕਾਰ ਸਹੀ ਦਿਸ਼ਾ ਵਿੱਚ ਚੱਲੇ ਇਸ ਦੀ ਮੈਂ ਸਹੁੰ ਚੁੱਕੀ ਹੈ। ਸੁਪਰੀਮ ਕੋਰਟ ਮੈਂ ਨਹੀਂ ਗਿਆ ਪੰਜਾਬ ਸਰਕਾਰ ਆਪ ਗਈ ਸੀ ਤੇ ਸੁਪਰੀਮ ਕੋਰਟ ਨੇ ਹੀ ਹੁਕਮ ਜਾਰੀ ਕੀਤੇ ਸਨ ਕਿ ਰਾਜਪਾਲ ਨੂੰ ਹਰ ਜਵਾਬ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ।
ਰਾਜਪਾਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਮਾਮਲੇ ਵਿੱਚ ਵੀ ਮੇਰੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੂਠੇ ਇਲਜ਼ਾਮ ਲਾਏ ਕਿ ਮੈਂ ਹਰਿਆਣਾ ਦਾ ਪੱਖ ਪੂਰ ਰਿਹਾ ਸੀ। ਇਹ ਪੰਜਾਬ ਹਰਿਆਣਾ ਦਾ ਆਪਸੀ ਮਾਮਲਾ ਹੈ ਮੈਂ ਕਿਉਂ ਦਖਲ ਦੇਵਾਂਗਾ। ਰਾਜਪਾਲ ਨੇ ਦੱਸਿਆ ਕਿ ਇੰਟਰਸਟੇਟ ਦੇ ਨੌਰਥ ਜੌਨਲ ਕੌਂਸਲ ਦੀ 9 ਜੁਲਾਈ 2022 ਨੂੰ ਜੈਪੁਰ ਵਿੱਚ ਮੀਟਿੰਗ ਹੋਈ ਸੀ। ਉੱਥੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉੱਠਾਇਆ ਗਿਆ ਸੀ। ਕਿ ਚੰਡੀਗੜ੍ਹ ਪ੍ਰਸ਼ਾਸਨ ਦੋਵਾਂ ਸੂਬੇ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਕਰਵਾਏ ਤੇ ਹਰਿਆਣਾ ਨੂੰ ਇਸ ਵਿੱਚ ਸ਼ਾਮਲ ਕਰਨ ਦੇ ਲਈ ਮਸਲੇ ਨੂੰ ਸੁਲਝਾਇਆ ਜਾਵੇ।
ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਗ਼ੈਰ ਬੀਜੇਪੀ ਸਰਕਾਰਾਂ ਵਾਲੇ ਸੂਬਿਆਂ ਵਿੱਚ ਰਾਜਪਾਲ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ। ਸਾਡੇ ਗਰਵਰਨ ਨੇ ਵੀ ਮੈਨੁੰ ਲਵ ਲੈਟਰ ਲਿਖੇ ਹਨ। ਇਸ ਤੋਂ ਇਲਾਵਾ ਪੰਜਬ ਯੂਨੀਵਰਸਿਟੀ ਮਾਮਲੇ 'ਤੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਰਾਜਪਾਲ ਮੈਨੁੰ ਧੱਕੇ ਨਾਲ ਹਰਿਆਣਾ ਨੂੰ ਯੂਨੀਵਰਸਿਟੀ ਵਿੱਚ ਸ਼ਾਮਲ ਕਰਨ ਲਈ ਆਖ ਰਹੇ ਸਨ। ਜਿਸ ਤੋਂ ਬਾਅਦ ਅੱਜ ਗਵਰਨਰ ਨੇ ਇਹਨਾਂ ਸਾਰੇ ਇਲਜ਼ਾਮਾਂ 'ਤੇ ਸਫ਼ਾਈ ਦਿੱਤੀ ਹੈ।