Governor vs Cm: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਦੋਵੇਂ ਧਿਰਾਂ ਲਗਾਤਾਰ ਇੱਕ ਦੂਜੇ ਨੂੰ ਤਾਅਨੇ ਮਾਰ ਰਹੀਆਂ ਹਨ। 77ਵੇਂ ਸੁਤੰਤਰਤਾ ਦਿਵਸ ਮੌਕੇ ਵੀ ਕੁਝ ਅਜਿਹਾ ਹੀ ਹੋਇਆ। ਸੀਐਮ ਮਾਨ ਰਾਜਪਾਲ ਪੁਰੋਹਿਤ ਦੁਆਰਾ ਆਯੋਜਿਤ ਰਸਮੀ 'ਐਟ ਹੋਮ' ਰਿਸੈਪਸ਼ਨ ਵਿੱਚ ਸ਼ਾਮਲ ਨਹੀਂ ਹੋਏ। ਇਸ 'ਤੇ ਚੁਟਕੀ ਲੈਂਦਿਆਂ ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਐਟ ਹੋਮ ਸਮਾਗਮ 'ਚ ਨਾ ਜਾਣਾ ਚੁਣਿਆ। ਉਨ੍ਹਾਂ ਦਾ ਫੈਸਲਾ ਉਨ੍ਹਾਂ ਦੀ ਆਪਣੀ ਸਮਝ ਅਨੁਸਾਰ ਹੁੰਦਾ ਹੈ। ਮੁੱਖ ਮੰਤਰੀ ਨੇ ਸ਼ਾਇਦ ਰਾਜ ਭਵਨ ਦੇ ਬਾਹਰ ਰੱਖੀਆਂ ਰਸਮੀ ਤੋਪਾਂ ਤੋਂ ਡਰਦਿਆਂ ਇਸ ਸਮਾਗਮ ਨੂੰ ਛੱਡਣ ਦਾ ਫੈਸਲਾ ਕੀਤਾ ਹੈ।
ਮਾਨ ਦਾ ਵਾਰ ਦਾ ਕੀਤਾ ਹੈ ਪਲਟਵਾਰ
ਰਾਜਪਾਲ ਬਨਵਾਰੀਲਾਲ ਪੁਰੋਹਿਤ ਅਸਿੱਧੇ ਤੌਰ 'ਤੇ ਮੁੱਖ ਮੰਤਰੀ ਦੀ ਜੂਨ ਵਿਚ ਵਿਧਾਨ ਸਭਾ ਵਿੱਚ ਉਸ ਦੀ ਟਿੱਪਣੀ ਲਈ ਮਜ਼ਾਕ ਉਡਾ ਰਹੇ ਸਨ, ਜਿਸ ਵਿਚ ਉਸ ਨੇ ਕਿਹਾ ਸੀ ਕਿ ਲੋਕਾਂ ਨੂੰ ਡਰਾਉਣ ਲਈ ਰਾਜ ਭਵਨ ਦੇ ਬਾਹਰ ਤੋਪਾਂ ਲਗਾਈਆਂ ਗਈਆਂ ਸਨ। ਦੂਜੇ ਪਾਸੇ ਜਦੋਂ ਰਾਜਪਾਲ ਨੂੰ ਮੀਡੀਆ ਵੱਲੋਂ ਸੀਐਮ ਮਾਨ ਦੇ ਪ੍ਰੋਗਰਾਮ ਵਿੱਚ ਨਾ ਆਉਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਵੱਖ-ਵੱਖ ਪਤਵੰਤਿਆਂ ਨੂੰ ਸੱਦਾ ਦਿੱਤਾ ਗਿਆ ਸੀ। ਮੁੱਖ ਮੰਤਰੀ ਦਫ਼ਤਰ ਨੇ ਵੀ ਸੱਦਾ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਸੀ।
ਲੰਬੇ ਸਮੇਂ ਤੋਂ ਚਲਦਾ ਆ ਰਿਹਾ ਕਾਟੋ-ਕਲੇਸ਼
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਜੂਨ 'ਚ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਸੀਐੱਮ ਮਾਨ 'ਤੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦਾ ਦੋਸ਼ ਲਗਾਇਆ ਸੀ। ਰਾਜਪਾਲ ਨੇ ਕਿਹਾ ਸੀ ਕਿ ਉਨ੍ਹਾਂ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਉਸ ਲਈ ਕਿਹਾ ਗਿਆ ਹੈ ਕਿ 'ਪੱਤਰ ਲਿਖਣਾ ਰਹਿੰਦਾ ਹੈ..ਵੇਹਲਾ ਹੈ'। ਉਨ੍ਹਾਂ ਕਿਹਾ ਕਿ ਕੋਈ ਵੀ ਰਾਜਪਾਲ ਨੂੰ ਬਦਨਾਮ ਨਹੀਂ ਕਰ ਸਕਦਾ। ਰਾਜਪਾਲ ਪੁਰੋਹਿਤ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਭਾਸ਼ਾ ਦਾ ਖਿਆਲ ਰੱਖਣਾ ਹੋਵੇਗਾ, ਉਹ ਬਿਨਾਂ ਕਿਸੇ ਕਾਰਨ ਮੈਨੂੰ ਗਾਲ੍ਹ ਨਹੀਂ ਦੇ ਸਕਦੇ।