ਚੰਡੀਗੜ੍ਹ: ਪੰਜਾਬ ਵਿੱਚ ਹਰ ਦੂਜਾ-ਤੀਜਾ ਬੰਦਾ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ। ਅੱਧਾ ਪੰਜਾਬ ਤਾਂ ਪਹਿਲਾਂ ਹੀ ਵਿਦੇਸ਼ਾਂ ਵਿੱਚ ਜਾ ਕੇ ਵੱਸ ਚੁੱਕਾ ਹੈ। ਐਸੇ ਹੀ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਲਈ ਚੰਗੀ ਖ਼ਬਰ ਹੈ। ਵਿਦੇਸ਼ ਜਾਣ ਲਈ ਹੁਣ ਤੁਸੀਂ ਘਰ ਬੈਠੇ ਹੀ ਵੈਰੀਫਿਕੇਸ਼ਨ ਕਰਵਾ ਸਕੋਗੇ। ਇਸ ਸਕੀਮ ਤਹਿਤ ਬਿਨੈਕਾਰ ਸਬੰਧਤ ਖੇਤਰ ਦੇ ਸੁਵਿਧਾ ਕੇਂਦਰਾਂ ਜਾਂ ਸਾਂਝ ਕੇਂਦਰਾਂ ਤੋਂ ਸਰਟੀਫਿਕੇਟ ਪ੍ਰਾਪਤ ਕਰ ਸਕਣਗੇ।

ਐਨਆਰਆਈ ਵਿਭਾਗ ਨੇ ਇਸ ਸਕੀਮ ਲਈ ਪ੍ਰਸਤਾਵ ਤਿਆਰ ਕੀਤਾ ਹੈ। ਦਸੰਬਰ ਦੇ ਅੰਤ ਤੱਕ ਲੋਕਾਂ ਨੂੰ ਇਹ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ। ਫਿਲਹਾਲ ਸੂਬੇ ਦੇ ਲੋਕਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਵੈਰੀਫਿਕੇਸ਼ਨ ਲਈ ਚੰਡੀਗੜ੍ਹ ਆਉਣਾ ਪੈਂਦਾ ਹੈ। ਇਸ ਵਿੱਚ ਪੈਸੇ ਦੇ ਨਾਲ-ਨਾਲ ਲੋਕਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ।

ਵਿਦੇਸ਼ਾਂ ਵਿੱਚ ਵਸਦੇ ਸੂਬੇ ਦੇ ਲੋਕ ਪਹਿਲਾਂ ਹੀ ਸਰਕਾਰ ਤੋਂ ਪੁਲਿਸ ਵੈਰੀਫਿਕੇਸ਼ਨ ਆਨਲਾਈਨ ਕਰਨ ਦੀ ਮੰਗ ਕਰ ਚੁੱਕੇ ਹਨ। ਹੁਣ ਸਰਕਾਰ ਨੇ ਵਿਦੇਸ਼ਾਂ 'ਚ ਰਹਿੰਦੇ ਅਤੇ ਇੱਥੋਂ ਜਾਣ ਵਾਲੇ ਲੋਕਾਂ ਨੂੰ ਰਾਹਤ ਦੇਣ ਲਈ ਆਨਲਾਈਨ ਵੈਰੀਫਿਕੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਇਸ ਤਹਿਤ ਲੋਕ ਘਰ ਬੈਠੇ ਹੀ ਆਨਲਾਈਨ ਅਪਲਾਈ ਕਰਕੇ ਸਬੰਧਤ ਖੇਤਰ ਦੇ ਸੁਵਿਧਾ ਕੇਂਦਰਾਂ ਜਾਂ ਸਾਂਝ ਕੇਂਦਰਾਂ ਤੋਂ ਸਰਟੀਫਿਕੇਟ ਪ੍ਰਾਪਤ ਕਰ ਸਕਣਗੇ।ਹਾਲ ਹੀ ਵਿੱਚ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੂੰ ਆਪਣੇ ਵਤਨ ਪਰਤਣ ਸਮੇਂ ਹਵਾਈ ਅੱਡਿਆਂ ‘ਤੇ ਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਪ੍ਰਬੰਧ ਕੀਤੇ ਹਨ। ਇਸ ਦੇ ਲਈ ਸਰਕਾਰ ਹਵਾਈ ਅੱਡਿਆਂ 'ਤੇ ਹੀ ਕਾਲ ਸੈਂਟਰ ਸਥਾਪਿਤ ਕਰ ਰਹੀ ਹੈ। ਇਹ 'ਤਤਕਾਲ ਜਵਾਬ ਕੇਂਦਰ' ਦਿਨ ਦੇ 24 ਘੰਟੇ, ਸੱਤੇ ਦਿਨ ਸਰਗਰਮ ਰਹਿਣਗੇ।

ਪੰਜਾਬ ਦਾ ਪ੍ਰਵਾਸੀ ਭਾਰਤੀ ਵਿਭਾਗ ਵੱਖ-ਵੱਖ ਦੇਸ਼ਾਂ ਵਿੱਚ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੀ ਤਰਫੋਂ ਤਾਇਨਾਤ ਕੋਆਰਡੀਨੇਟਰਾਂ ਨੂੰ ਹੋਰ ਮਜ਼ਬੂਤ ਕਰੇਗਾ। ਵਿਭਾਗ ਇਨ੍ਹਾਂ ਕੋਆਰਡੀਨੇਟਰਾਂ ਨੂੰ ਇਸ ਕੰਮ ਲਈ ਮਾਨਤਾ ਦਿਵਾਉਣ ਲਈ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਬਣਾ ਕੇ ਕੰਮ ਕਰੇਗਾ ਤਾਂ ਜੋ ਸਬੰਧਤ ਦੇਸ਼ਾਂ ਦੇ ਦੂਤਾਵਾਸ ਅਤੇ ਹਾਈ ਕਮਿਸ਼ਨਰ ਦਫਤਰ ਪ੍ਰਵਾਸੀਆਂ ਦੀ ਮਦਦ ਲਈ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਣ।

ਇੱਕ ਸੰਗਠਿਤ ਪੋਰਟਲ ਬਣਾਇਆ ਜਾਵੇਗਾ ਤਾਂ ਜੋ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸੇਵਾਵਾਂ ਅਤੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਇੱਕ ਥਾਂ 'ਤੇ ਮਿਲ ਸਕੇ।ਪੋਰਟਲ ਰਾਹੀਂ ਪ੍ਰਵਾਸੀ ਪੰਜਾਬ ਰਾਜ ਸਰਕਾਰ ਨਾਲ ਆਸਾਨੀ ਨਾਲ ਸੰਪਰਕ ਕਾਇਮ ਕਰ ਸਕਣਗੇ।