Punjab Politics: ਖਡੂਰ ਸਾਹਿਬ ਸੀਟ 'ਤੇ ਮੁਕਾਬਲਾ ਸ਼ੁਰੂ ਵਿਚ ਜਿੰਨਾ ਆਸਾਨ ਲੱਗਦਾ ਸੀ, ਚੋਣਾਂ ਨੇੜੇ ਆਉਣ ਨਾਲ ਇਹ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨ ਨਾਲ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਧਾਰਮਿਕ ਸਿਆਸਤ ਦੇ ਚੱਕਰਵਿਊ ਵਿੱਚ ਫਸ ਗਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਫਸਿਆ ਕਸੂਤਾ !
ਸ਼੍ਰੋਮਣੀ ਅਕਾਲੀ ਦਲ ਲਈ ਸਥਿਤੀ ਇਹ ਬਣ ਗਈ ਹੈ ਕਿ ਇੱਕ ਪਾਸੇ ਸ਼੍ਰੋਮਣੀ ਕਮੇਟੀ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਵਕਾਲਤ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਗਾਤਾਰ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਬੰਦੀ ਸਿੰਘ ਨਹੀਂ ਹੈ। ਉਸਦੀ ਲੜਾਈ ਸਿਰਫ ਆਪਣੇ ਲਈ ਹੈ।
ਭਾਂਵੇ ਸਰਕਾਰ ਹੈ ਪਰ ਆਪ ਲਈ ਸੌਖਾ ਨਹੀਂ ਰਾਹ
ਇਸ ਦੇ ਨਾਲ ਹੀ ਪਿਛਲੀਆਂ ਦੋ ਚੋਣਾਂ ਆਮ ਆਦਮੀ ਪਾਰਟੀ ਲਈ ਚੰਗੀਆਂ ਨਹੀਂ ਰਹੀਆਂ। ਉਹ ਡੇਢ ਫੀਸਦੀ ਤੋਂ ਵੱਧ ਵੋਟਾਂ ਹਾਸਲ ਨਹੀਂ ਕਰ ਸਕੀ। ਇਸ ਵਾਰ ਪਾਰਟੀ ਨੇ ਮੰਤਰੀ ਭੁੱਲਰ 'ਤੇ ਦਾਅ ਖੇਡਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਆਪਣੀ ਸਰਕਾਰ ਹੋਣ ਦਾ ਵੀ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ। ਫਿਰ ਵੀ ਮੁਕਾਬਲਾ ਸਖ਼ਤ ਹੈ।
ਕਾਂਗਰਸ ਤੇ ਭਾਜਪਾ ਦਾ ਕੀ ਹਾਲ ?
ਕਾਂਗਰਸ ਨੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਅਤੇ ਭਾਜਪਾ ਨੇ ਮਨਜੀਤ ਸਿੰਘ ਮੰਨਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਫ਼ਿਰੋਜ਼ਪੁਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਜ਼ੀਰਾ ਦਾ ਚੰਗਾ ਪ੍ਰਭਾਵ ਹੈ। ਪਿਛਲੀ ਵਾਰ ਇੱਥੇ ਕਾਂਗਰਸ ਦੇ ਜਸਬੀਰ ਡਿੰਪਾ ਨੂੰ 43 ਫੀਸਦੀ ਵੋਟਾਂ ਮਿਲੀਆਂ ਸਨ। ਭਾਜਪਾ ਲਈ ਇੱਥੇ ਲੜਾਈ ਬਹੁਤ ਔਖੀ ਲੱਗ ਰਹੀ ਹੈ। ਹਾਲਾਂਕਿ ਮੋਦੀ ਦੀਆਂ ਤਿੰਨ ਰੈਲੀਆਂ ਤੋਂ ਬਾਅਦ ਇੱਥੇ ਕੁਝ ਮਾਹੌਲ ਜ਼ਰੂਰ ਬਦਲ ਗਿਆ ਹੈ।
ਮਾਨ ਤੇ ਬੀਬੀ ਖਾਲੜਾ ਦੀ ਸਾਥ ਦੇਵੇਗਾ ਵੱਡਾ ਹੁਲਾਰਾ
ਦੂਜੇ ਪਾਸੇ ਸਿਮਰਨਜੀਤ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੰਮ੍ਰਿਤਪਾਲ ਨੂੰ ਸਮਰਥਨ ਦੇ ਕੇ ਅਕਾਲੀ ਦਲ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਨੇ ਵੀ ਆਪਣਾ ਉਮੀਦਵਾਰ ਵਾਪਸ ਲੈ ਕੇ ਅੰਮ੍ਰਿਤਪਾਲ ਦੀ ਹਮਾਇਤ ਕੀਤੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਪੰਜਾਬ ਏਕਤਾ ਪਾਰਟੀ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜੀ ਅਤੇ ਦੋ ਲੱਖ ਤੋਂ ਵੱਧ ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੇ ਸੀ ਤੇ ਇਸ ਵਾਰ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੀ ਚੋਣ ਮਹਿੰਮ ਸਾਂਭੀ ਹੋਈ ਹੈ।