GST Revenue in Punjab Increased: ਪੰਜਾਬ ਸਰਕਾਰ ਜੀਐਸਟੀ ਤੋਂ ਮੋਟੀ ਕਮਾਈ ਕਰ ਰਹੀ ਹੈ। ਪੰਜਾਬ ਵਿੱਚ ਮਈ ਮਹੀਨੇ ਦੌਰਾਨ ਪਿਛਲੇ ਵਰ੍ਹੇ ਨਾਲੋਂ 25.31 ਫ਼ੀਸਦ ਵੱਧ ਜੀਐਸਟੀ ਮਾਲੀਆ ਇਕੱਠਾ ਹੋਇਆ ਹੈ। ਇਸ ਸਾਲ ਮਈ ਮਹੀਨੇ 2006.31 ਕਰੋੜ ਰੁਪਏ ਜੀਐਸਟੀ ਮਾਲੀਆ ਇਕੱਠਾ ਹੋਇਆ ਹੈ, ਜੋ ਪਿਛਲੇ ਵਰ੍ਹੇ ਨਾਲੋਂ 405.17 ਕਰੋੜ ਰੁਪਏ ਵੱਧ ਹੈ। ਪਿਛਲੇ ਸਾਲ ਮਈ ਮਹੀਨੇ 1,601.14 ਕਰੋੜ ਰੁਪਏ ਜੀਐਸਟੀ ਮਾਲੀਏ ਦੇ ਰੂਪ ਇਕੱਠੇ ਹੋਏ ਸਨ। ਉਸ ਤੋਂ ਪਿਛਲੇ ਸਾਲ ਮਈ 2023 ਵਿੱਚ ਜੀਐਸਟੀ ਦੇ 1,480 ਕਰੋੜ ਰੁਪਏ ਇਕੱਠੇ ਹੋਏ ਸਨ।
ਇਸ ਬਾਰੇ ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿੱਤੀ ਸੂਝ-ਬੂਝ ਤੇ ਆਰਥਿਕ ਸੁਧਾਰ ਕਰਕੇ ਲਗਾਤਾਰ ਸੂਬੇ ਦੇ ਮਾਲੀਏ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਨਾ ਸਿਰਫ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਧ ਸਾਲ-ਦਰ-ਸਾਲ ਪ੍ਰਤੀ ਮਹੀਨਾ ਹੋ ਰਹੇ ਵਿਕਾਸ ਨੂੰ ਦਰਸਾਉਂਦਾ ਹੈ, ਸਗੋਂ ਕੌਮ ਔਸਤ ਜੀਐਸਟੀ ਵਿਕਾਸ ਦਰ ਨੂੰ ਵੀ ਪਛਾੜਦਾ ਹੈ, ਜਿਸ ਸਦਕਾ ਪੰਜਾਬ ਕਰ ਗਤੀਸ਼ੀਲਤਾ ਵਿੱਚ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਕਰ ਚੋਰੀ ਨੂੰ ਰੋਕਿਆ ਗਿਆ ਹੈ ਤੇ ਇੱਕ ਸਹਿਜ ਟੈਕਸ ਢਾਂਚਾ ਪ੍ਰਦਾਨ ਕੀਤਾ ਹੈ ਜੋ ਕਾਰੋਬਾਰਾਂ ਨੂੰ ਸਸ਼ਕਤ ਬਣਾਉਂਦਾ ਹੋਇਆ ਸੂਬੇ ਲਈ ਮਾਲੀਆ ਵਾਧਾ ਯਕੀਨੀ ਬਣਾਉਂਦਾ ਹੈ।ਚੀਮਾ ਨੇ ਕਿਹਾ ਕਿ ਮਈ 2025 ਵਿੱਚ ਪੰਜਾਬ ਵਿੱਚ ਰਿਕਾਰਡ ਜੀਐਸਟੀ ਦਾ ਵਾਧਾ ਕਰ ਵਸੂਲੀ ਵਿੱਚ ਲਿਆਂਦੇ ਗਏ ਸੁਧਾਰ, ਸਰਗਰਮ ਕਰਦਾਤਾਵਾਂ ਦੀ ਸ਼ਮੂਲੀਅਤ ਤੇ ਕਰ ਵਿਭਾਗ ਵੱਲੋਂ ਮਜ਼ਬੂਤ ਇਨਫੋਰਸਮੈਂਟ ਦੇ ਸੁਮੇਲ ਦਾ ਨਤੀਜਾ ਹੈ। ਇਸ ਦੌਰਾਨ ਜਾਅਲੀ ਫਰਮਾਂ ਦੀ ਤਸਦੀਕ ਕੀਤੀ ਗਈ ਤੇ ਹੋਰ ਸਖਤ ਫੈਸਲੇ ਲਏ ਗਏ।
ਉਧਰ ਜੀਐਸਟੀ ਨੇ ਕੇਂਦਰ ਸਰਕਾਰ ਦੇ ਖਜ਼ਾਨੇ ਵੀ ਭਰ ਦਿੱਤੇ ਹਨ। ਮਈ ਮਹੀਨੇ ਦੌਰਾਨ ਜੀਐਸਟੀ ਕੁਲੈਕਸ਼ਨ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਵਾਧੇ ਨਾਲ ਜੀਐਸਟੀ ਕੁਲੈਕਸ਼ਨ ਇੱਕ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਐਤਵਾਰ (1 ਜੂਨ) ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ ਮਈ ਵਿੱਚ ਜੀਐਸਟੀ ਕੁਲੈਕਸ਼ਨ 16.4 ਪ੍ਰਤੀਸ਼ਤ ਵਧ ਕੇ 2.01 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ 2025 ਵਿੱਚ ਜੀਐਸਟੀ ਕੁਲੈਕਸ਼ਨ 2.37 ਲੱਖ ਕਰੋੜ ਰੁਪਏ ਦੇ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਿਆ ਸੀ। ਇੱਕ ਸਾਲ ਪਹਿਲਾਂ ਮਈ 2024 ਵਿੱਚ ਜੀਐਸਟੀ ਕੁਲੈਕਸ਼ਨ 1,72,739 ਕਰੋੜ ਰੁਪਏ ਸੀ।