ਅੰਮ੍ਰਿਤਸਰ: ਆਏ ਦਿਨ ਸੋਸ਼ਲ ਮੀਡੀਆ 'ਤੇ ਸਿੱਖ ਧਰਮ ਬਾਰੇ ਗ਼ਲਤ ਟਿੱਪਣੀਆਂ, ਵੀਡੀਓ ਜਾਂ ਫਿਰ ਤਸਵੀਰਾਂ ਅਪਲੋਡ ਕਰਨ ਵਾਲੇ ਸ਼ਰਾਰਤੀ ਲੋਕਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਅਜਿਹੇ ਸ਼ਰਾਰਤੀ ਲੋਕ ਸਿੱਖਾਂ ਦਾ ਮਜ਼ਾਕ ਉਡਾਉਣ ਲਈ ਸ਼ੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓ ਕਲਿਪ ਪਾ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਸਿੱਖਾਂ ਲਈ ਇਸ ਨੂੰ ਬਰਦਾਸ਼ਤ ਕਰਨਾ ਔਖਾ ਹੋ ਗਿਆ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਿਆਂ ਸਿੱਖਾਂ ਨੂੰ ਦਿਨ-ਬ-ਦਿਨ ਮਜਬੂਰ ਕਰ ਰਹੇ ਹਨ ਕਿ ਕਿਵੇਂ ਨਾ ਕਿਵੇਂ ਕੋਈ ਅਣਸੁਖਾਵੀਂ ਘਟਨਾ ਵਾਪਰੇ। ਇਸ ਤਰ੍ਹਾਂ ਦੇ ਲੋਕ ਸਿੱਖ ਇਤਿਹਾਸ ਤੋਂ ਬਿਲਕੁਲ ਅਣਜਾਣ ਹਨ। ਹੁਣ ਇੱਕ ਨਵੀਂ ਵੀਡੀਓ ਕਲਿਪ ਸ਼ਾਕਸ਼ੀ ਭਾਰਦਵਾਜ ਵੱਲੋਂ ਪਾਈ ਗਈ ਹੈ। ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਗੁਰੂ ਸਾਹਿਬਾਨ ਤੇ ਸਿੱਖਾਂ ਦੇ ਕਕਾਰਾਂ ਸਬੰਧੀ ਇਤਰਾਜਯੋਗ ਭਾਸ਼ਾ ਵਰਤੀ ਗਈ ਹੈ। ਇਸ ਨਾਲ ਸਿੱਖਾਂ ਦੇ ਹਿਰਦੇ ਵਲ਼ੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸ਼ਾਕਸ਼ੀ ਨੂੰ ਆਪਣੇ ਬਜੁਰਗਾਂ ਪਾਸੋਂ ਸਿੱਖ ਇਤਿਹਾਸ ਬਾਰੇ ਪੁੱਛ ਲੈਣਾ ਚਾਹੀਦਾ ਹੈ ਕਿ ਨੌਵੇਂ ਪਾਤਸ਼ਾਹ ਜੀ ਨੇ ਆਪਣਾ ਬਲੀਦਾਨ ਕਿਸ ਲਈ ਦਿੱਤਾ ਸੀ। ਇਸ ਕੇਸ ਸਬੰਧੀ ਜੰਮੂ-ਕਸ਼ਮੀਰ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਕਿਹਾ ਗਿਆ ਹੈ ਕਿ ਉਹ ਇਕਮੁੱਠ ਹੋ ਕੇ ਇਸ ਸ਼ਾਕਸ਼ੀ ਭਾਰਦਵਾਜ 'ਤੇ ਸਖ਼ਤ ਤੋਂ ਸਖ਼ਤ ਪ੍ਰਸ਼ਾਸ਼ਨਿਕ ਕਾਰਵਾਈ ਕਰਵਾਉਣ। ਪਟਿਆਲਾ ਦੀ ਇੱਕ ਫੈਕਟਰੀ ਵੱਲੋਂ ਜੋੜਿਆਂ ਉਪਰ ਖੰਡੇ ਦਾ ਨਿਸ਼ਾਨ ਬਣਾਉਣ ਸਬੰਧੀ ਸਿੰਘ ਸਾਹਿਬ ਨੇ ਕਿਹਾ ਕਿ ਇਸ ਕੇਸ ਦੀ ਪੜਤਾਲ ਕਰਨ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸਬ-ਕਮੇਟੀ ਬਣਾਈ ਗਈ ਹੈ, ਜੋ ਇਸ ਕੇਸ ਦੀ ਪੂਰੀ ਘੋਖ-ਪੜਤਾਲ ਕਰੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਦੁਕਾਨਾਂ 'ਤੇ ਇਸ ਤਰਾਂ ਦੇ ਜੋੜੇ ਵਿਕ ਰਹੇ ਹਨ ਉਨ੍ਹਾਂ ਖਿਲਾਫ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ। ਦੁਕਾਨਾਂ ਵਾਲੇ ਇਸ ਤਰਾਂ ਦੇ ਇਤਰਾਜ਼ਯੋਗ ਸਾਮਾਨ ਨੂੰ ਨਾ ਵੇਚਣ ਤੇ ਵਾਪਸ ਫੈਕਟਰੀ ਵਿੱਚ ਵਾਪਸ ਭੇਜਣ।