ਗੁਰਦਾਰਪੁਰ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਕੜਾਕੇ ਦੀ ਠੰਢ ਵਿੱਚ ਡਟੇ ਹੋਏ ਹਨ ਪਰ ਅਜੇ ਵੀ ਸਰਕਾਰ ਮਸਲੇ ਦਾ ਕੋਈ ਹੱਲ ਨਹੀਂ ਕਰ ਸਕੀ। ਇਸ ਤੋਂ ਅੱਕ ਕੇ ਕਿਸਾਨ ਖੁਦਕੁਸ਼ੀਆਂ ਕਰਨ ਲੱਗੇ ਹਨ। ਕੱਲ੍ਹ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਕਿਸਾਨ ਸੁੱਚਾ ਸਿੰਘ ਨੇ ਮੌਤ ਨੂੰ ਗਲੇ ਲਾ ਲਿਆ। ਉਸ ਨੇ ਕਾਨਵਾਂ ਟੌਲ ਪਲਾਜ਼ੇ ’ਤੇ ਚੱਲ ਰਹੇ ਧਰਨੇ ਵਾਲੀ ਜਗ੍ਹਾ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਸੁੱਚਾ ਸਿੰਘ ਖੇਤੀ ਕਾਨੂੰਨਾਂ ਸਬੰਧੀ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਤੋਂ ਪ੍ਰੇਸ਼ਾਨ ਸੀ। ਪਿੰਡ ਖੋਖਰ ਵਾਸੀ ਕਿਸਾਨ ਸੁੱਚਾ ਸਿੰਘ (65) ਬਿਜਲੀ ਮਹਿਕਮੇ ਵਿੱਚੋਂ ਸੇਵਾਮੁਕਤ ਹੋਇਆ ਸੀ ਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਸੀ। ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਗੁਰਦਾਸਪੁਰ-ਪਠਾਨਕੋਟ ਸੜਕ ਉੱਤੇ ਪੈਂਦੇ ਕਾਨਵਾਂ ਟੌਲ ਪਲਾਜ਼ੇ ’ਤੇ ਧਰਨੇ ਵਿੱਚ ਸ਼ਾਮਲ ਹੋਣ ਗਿਆ ਸੀ, ਜਿਥੇ ਬੁੱਧਵਾਰ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਦੱਸ ਦਈਏ ਕਿ ਹੁਣ ਤੱਕ ਅੰਦੋਲਨ ਵਿੱਚ 60 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਨ੍ਹਾਂ ਵਿੱਚ ਕਈਆਂ ਨੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਪਹਿਲਾਂ ਚਾਰ ਕਿਸਾਨਾਂ ਨੇ ਦਿੱਲੀ ਦੇ ਬਾਰਡਰ 'ਤੇ ਖੁਦਕੁਸ਼ੀ ਕੀਤੀ ਹੈ। ਕਿਸਾਨ ਯੂਨੀਅਨਾਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਹਨ ਕਿ ਖੁਦਕੁਸ਼ੀਆਂ ਦਾ ਰਾਹ ਸਹੀ ਨਹੀ। ਇਸ ਦੀ ਥਾਂ ਸੰਘਰਸ਼ ਦਾ ਝੰਡਾ ਚੁੱਕੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ