ਗੁਰਦਾਸਪੁਰ: ਨਸ਼ਾ ਕਰਨ ਦੇ ਲਈ ਨਸ਼ੇੜੀ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਗੁਰਦੁਆਰਾ ਵਿੱਚ ਨੌਜਵਾਨ ਨੇ ਨਸ਼ਾ ਕਰਨ ਦੇ ਲਈ ਗੁਰਦੁਆਰਾ ਦੀ ਗੋਲਕ ਵਿੱਚੋਂ 7 ਹਜ਼ਾਰ ਰੁਪਏ ਤੇ ਸੰਗਤ ਵੱਲੋਂ ਚੜ੍ਹਾਈ ਗਈ ਕਣਕ ਚੋਰੀ ਕਰ ਲਈ। ਦੂਜੀ ਵਾਰੀ ਫਿਰ ਚੋਰੀ ਕਰਨ ਆਏ ਚੋਰ ਨੂੰ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।


ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਸਬਾ ਫਤਿਹਗੜ੍ਹ ਚੂੜੀਆਂ ਦੇ ਗੁਰਦੁਆਰਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਦੀ ਪਿਛਲੀ ਖਿੜਕੀ ਖੁਲੀ ਹੋਈ ਸੀ ਅਤੇ ਹਾਲ ਦੇ ਵਿੱਚ ਲੱਗਾ ਸੀਸੀਟੀਵੀ ਕੈਮਰਾ ਗਾਇਬ ਸੀ ਤੇ ਨਾਲ ਹੀ ਚੈੱਕ ਕਰਨ ਤੇ ਪਤਾ ਲੱਗਾ ਕਿ 80 ਕਿੱਲੋ ਕਣਕ ਅਤੇ ਗੋਲਕ ਵਿੱਚ 7 ਹਜ਼ਾਰ ਵੀ ਗਾਇਬ ਸੀ।


ਦੂਸਰਾ ਸੀਸੀਟੀਵੀ ਕੈਮਰਾ ਚੈੱਕ ਕਰਨ 'ਤੇ ਦੇਖਿਆ ਕਿ ਇੱਕ ਨੌਜਵਾਨ ਚੱਪਲਾਂ ਸਮੇਤ ਖਿੜਕੀ ਤੋਂ ਗੁਰਦੁਆਰਾ ਵਿੱਚ ਦਾਖਲ ਹੋ ਕੇ ਚੋਰੀ ਕਰਦਾ ਨਜ਼ਰ ਆਇਆ। ਲੇਕਿਨ ਫਿਰ ਉਨ੍ਹਾਂ ਨੇ ਨਜ਼ਰ ਰੱਖੀ ਤੇ ਜਦੋਂ ਅਗਲੇ ਦਿਨ ਉਹ ਚੋਰੀ ਕਰਨ ਆਇਆ ਤਾਂ ਉਨ੍ਹਾਂ ਨੇ ਉਸਨੂੰ ਫੜ ਲਿਆ। ਫੜ੍ਹੇ ਗਏ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਉਰਫ ਗੋਲੂ ਦੇ ਤੌਰ 'ਤੇ ਹੋਈ।


ਫੜੇ ਗਏ ਗਗਨਦੀਪ ਸਿੰਘ ਨੇ ਮੰਨਿਆ ਕਿ ਉਸ ਨੇ ਤੇ ਕਸਬਾ ਕੌਟ ਖਜਾਨਾ ਦੇ ਰਹਿਣ ਵਾਲੇ ਸਾਬੀ ਨੇ ਮਿਲ ਕੇ ਕਣਕ ਚੋਰੀ ਕਰਨ ਦੀ ਯੋਜਨਾ ਬਣਾਈ ਸੀ। ਫੜੇ ਗਏ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਤੇ ਉਸ ਨੇ ਸਾਬੀ ਨੂੰ ਕਿਹਾ ਸੀ ਕਿ ਨਸ਼ੇ ਦੀਆਂ ਗੋਲੀਆਂ ਉਸਨੂੰ ਦਿਵਾ ਦੇਵੇ। ਲੇਕਿਨ ਸਾਬੀ ਨੇ ਉਸਨੂੰ ਕਿਹਾ ਕਿ ਉਸ ਦੇ ਕੋਲ ਪੈਸੇ ਨਹੀਂ ਹਨ, ਲੇਕਿਨ ਸਾਬੀ ਓਸੇ ਪਿੰਡ ਦਾ ਰਹਿਣ ਵਾਲਾ ਸੀ ਤੇ ਉਸ ਨੂੰ ਪਤਾ ਸੀ ਕਿ ਗੁਰਦੁਆਰਾ ਦੇ ਵਿਚ ਸੰਗਤ ਕਣਕ ਚੜਾਉਂਦੀ ਹੈ।


ਇਸ ਕਰਕੇ ਸਾਬੀ ਨੇ ਗਗਨਦੀਪ ਨੂੰ ਸਲਾਹ ਦਿਤੀ ਕਿ ਉਹ ਗੁਰਦੁਆਰਾ ਦੀ ਪਿਛਲੀ ਖਿੜਕੀ ਤੋਂ ਅੰਦਰ ਜਾਵੇ ਅਤੇ ਕਣਕ ਚੋਰੀ ਕਰ ਲਵੇ। ਗੁਰਦੁਆਰਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਚੋਰੀ ਦੇ ਇਲਜ਼ਾਮ ਵਿਚ ਫੜੇ ਗਗਨਦੀਪ ਸਿੰਘ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਗਨਦੀਪ ਸਿੰਘ ਅਤੇ ਸਾਬੀ ਦੇ ਖਿਲ਼ਾਫ ਧਾਰਾ 380, 454, 295-ਏ ਤੇ 34 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੂਜੇ ਸਾਥੀ ਸਾਬੀ ਨੂੰ ਗਿਰਫ਼ਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।