ਗੁਰਦਾਸਪੁਰ: ਪਿੰਡ ਸੰਘੋਰ ਤੇ ਮਲੁਕਚੱਕ ਵਿੱਚ ਚੋਰਾਂ ਨੇ ਇੱਕੋ ਰਾਤ ਦੋ ਗੁਰਦੁਆਰਿਆਂ ਦੀਆਂ ਗੋਲਕਾਂ ਤੇ ਇੱਕ ਕਰਿਆਨੇ ਦੀ ਦੁਕਾਨ ਤੋੜ ਕੇ ਚੋਰੀ ਕੀਤੀ। ਦੇਰ ਰਾਤ ਸ਼ਾਤਿਰ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ 40 ਹਜ਼ਾਰ ਰੁਪਏ ਦੀ ਨਗਦੀ ਉਡਾਈ ਤੇ ਬਾਅਦ ਵਿੱਚ ਪਿੰਡ ਮਲੁਕਚੱਕ ਤੇ ਸੰਘੋਰ ਦੇ ਗੁਰੂ ਘਰਾਂ ਦੀਆਂ ਗੋਲਕਾਂ ਤੋੜ ਪੈਸੇ ਲੈਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।


ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਰਹੱਦੀ ਇਲਾਕਾ ਹੈ ਤੇ ਜਿੱਥੇ ਇਹ ਚੋਰੀ ਦੀ ਘਟਨਾ ਹੋਈ ਹੈ, ਉਸ ਤੋਂ ਅੱਧਾ ਕਿਮੀ ਦੂਰ ਪੁਲਿਸ ਨਾਕਾ ਲੱਗਦਾ ਹੈ ਜਿੱਥੇ 11 ਦੇ ਕਰੀਬ ਪੁਲਿਸ ਦੇ ਜਵਾਨ ਤਾਇਨਾਤ ਹੁੰਦੇ ਹਨ। ਲੱਗਦਾ ਚੋਰ ਚੁਸਤ ਤੇ ਪੁਲਿਸ ਸੁਸਤ ਸੀ ਜਿਸ ਕਰਨ ਇਹ ਚੋਰੀ ਦੀ ਘਟਨਾ ਵਾਪਰੀ।


ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਦੁਕਾਨ ਮਲਿਕ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪੁਲਿਸ ਦਾ ਸ਼ਪੈਸ਼ਲ ਨਾਕਾ ਲੱਗੇ ਹੋਣ ਦੇ ਬਾਵਜੂਦ ਇੱਕੋ ਰਾਤ ਵਿੱਚ ਤਿੰਨ ਚੋਰੀਆਂ ਹੋਣੀਆਂ ਪੁਲਿਸ ਪ੍ਰਸਾਸ਼ਨ ਵਾਸਤੇ ਬੜੀ ਸ਼ਰਮ ਦੀ ਗੱਲ ਹੈ। ਉਨ੍ਹਾਂ ਮੰਗ ਕੀਤੀ ਚੋਰਾਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਤਾਂ ਜੋ ਇਹ ਕਿਸੇ ਹੋਰ ਨੂੰ ਨਿਸ਼ਾਨਾ ਨਾ ਬਣਾ ਸਕਣ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਮੁਹੇਸ਼ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਚੋਰਾਂ ਨੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਕੀਤੀ ਹੈ, ਉਨ੍ਹਾਂ ਦੀ ਸੀਸੀਟੀਵੀ ਕੈਮਰਿਆਂ ਵਿੱਚ ਫੋਟੋ ਆ ਚੁੱਕੀ ਹੈ। ਇਸ ਫੁਟੇਜ ਦੇ ਅਧਾਰ 'ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਹੋਰ ਨਾਕੇ ਲਗਾਏ ਜਾਣਗੇ।