Sunny Deol forgot gurdaspur constituency: ਆਪਣੀ ਫਿਲਮ ‘ਗਦਰ 2’ ਦਾ ਪ੍ਰਚਾਰ ਕਰਨ ਲਈ ਅਦਾਕਾਰ ਤੇ ਸੰਸਦ ਮੈਂਬਰ ਸਨੀ ਦਿਓਲ ਸ਼ਨੀਵਾਰ ਨੂੰ ਅੰਮ੍ਰਿਤਸਰ ਪੁੱਜੇ ਪਰ ਉਨ੍ਹਾਂ ਆਪਣੇ ਹਲਕੇ ਗੁਰਦਾਸਪੁਰ ਨੂੰ ਬਿਲਕੁਲ ਹੀ ਵਿਸਾਰ ਦਿੱਤਾ। ਉਹ 2019 ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ, ਜੋ ਇਥੋਂ ਮਸਾਂ 35 ਕਿਲੋਮੀਟਰ ਦੂਰ ਪੈਂਦਾ ਹੈ। ਉਨ੍ਹਾਂ ਆਖਰੀ ਵਾਰ ਤਿੰਨ ਸਾਲ ਪਹਿਲਾਂ ਆਪਣੇ ਸੰਸਦੀ ਹਲਕੇ ਦਾ ਦੌਰਾ ਕੀਤਾ ਸੀ। ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵੋਟਰ ਤੇ ਭਾਜਪਾ ਹਮਾਇਤੀ ਸਨੀ ਦਿਓਲ ਦੀ ਲੰਮੀ ਗੈਰਹਾਜ਼ਰੀ ਤੋਂ ਨਿਰਾਸ਼ ਹਨ।



ਅੰਮ੍ਰਿਤਸਰ ਦੌਰੇ ਦੌਰਾਨ ਸਨੀ ਦਿਓਲ ਨੇ ਕਿਸੇ ਵੀ ਸਿਆਸੀ ਸਵਾਲ ਦਾ ਜਵਾਬ ਦੇਣ ਤੋਂ ਪੱਲਾ ਝਾੜ ਲਿਆ। ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਸਨੀ ਦਿਓਲ ਇੱਥੇ ਸਿਰਫ ਆਪਣੀ ਨਵੀਂ ਫਿਲਮ ਦੇ ਪ੍ਰਚਾਰ ਲਈ ਆਏ ਹਨ। ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਸਨੀ ਦਿਓਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੰਜਾਬੀਆਂ ਦੇ ਸ਼ਾਂਤ ਸੁਭਾਅ ਤੋਂ ਪ੍ਰਭਾਵਿਤ ਹਨ। 



ਇਸ ਦੌਰਾਨ ਉਨ੍ਹਾਂ ਨੂੰ ਬਾਊਂਸਰਾਂ ਨੇ ਘੇਰਾ ਪਾਇਆ ਹੋਇਆ ਸੀ। ਉਨ੍ਹਾਂ ਨਾਲ ਇੱਕ ਪ੍ਰਾਈਵੇਟ ਕੈਮਰਾਮੈਨ ਵੀ ਸੀ, ਜਿਸ ਦੀ ਕੌਮਾਂਤਰੀ ਨਿਊਜ਼ ਏਜੰਸੀ ਦੇ ਫੋਟੋਗ੍ਰਾਫਰ ਨਾਲ ਤਕਰਾਰ ਹੋ ਗਈ। ਬਾਅਦ ਵਿੱਚ ਉਨ੍ਹਾਂ ਅਮੀਸ਼ਾ ਪਟੇਲ ਤੇ ਗਾਇਕ ਉਦਿਤ ਨਾਰਾਇਣ ਸਮੇਤ ਫਿਲਮ ਦੇ ਹੋਰ ਕਲਾਕਾਰਾਂ ਨਾਲ ਅਟਾਰੀ-ਵਾਹਗਾ ਸਰਹੱਦ ’ਤੇ ਰੀਟਰੀਟ ਸੈਰੇਮਨੀ ਦੇਖੀ ਤੇ ਫਿਲਮ ਦਾ ਪ੍ਰਚਾਰ ਕੀਤਾ। 



ਦੱਸ ਦਈਏ ਕਨ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਅਦਾਕਾਰ ਸਨੀ ਦਿਓਲ ਨੇ ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਬਣੀ ਰਹਿਣ ਦੀ ਅਰਦਾਸ ਕੀਤੀ। ਸਨੀ ਦਿਓਲ ਆਪਣੀ ਫਿਲਮ ‘ਗਦਰ-2’ ਦੀ ਪ੍ਰਮੋਸ਼ਨ ਵਾਸਤੇ ਇੱਥੇ ਪਹੁੰਚੇ ਸੀ। ਅਦਾਕਾਰ ਨੇ ਫ਼ਿਲਮ ਗਦਰ ਵਿਚਲੇ ਆਪਣੇ ਕਿਰਦਾਰ ‘ਤਾਰਾ ਸਿੰਘ’ ਦਾ ਪਹਿਰਾਵੇ ਅਨੁਸਾਰ ਕੁੜਤਾ-ਪਜਾਮਾ ਤੇ ਖੁੱਲ੍ਹੇ ਲੜ ਵਾਲੀ ਪੱਗ ਬੰਨ੍ਹੀ ਹੋਈ ਸੀ। ਗੁਰੂ ਘਰ ਦੀ ਪਰਿਕਰਮਾ ਕਰਦਿਆਂ ਅਦਾਕਾਰ ਨੇ ਪ੍ਰਸ਼ੰਸਕਾਂ ਦਾ ਪਿਆਰ ਤੇ ਅਸ਼ੀਰਵਾਦ ਕਬੂਲਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।