ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਬੀਤੇ ਕੱਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨਾਲ ਬੀਤੇ ਕੱਲ ਕੀਤੀ ਮੁਲਾਕਾਤ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਿੱਧੂ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਸਾਰੀ ਪਾਰਟੀ ਉਨਾਂ ਨਾਲ ਹੈ। ਭਾਵੇਂ ਇਹ ਮੀਟਿੰਗ ਸ਼ਿਸ਼ਟਾਚਾਰ ਵਜੋਂ ਹੋਈ ਹੈ ਪਰ ਸਿੱਧੂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ 'ਤੇ ਚਿੰਤਾ ਪ੍ਰਗਟ ਕੀਤੀ। 


ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਿੱਧੂ ਪੂਰੀ ਤਰਾਂ ਤੰਦਰੁਸਤ ਤੇ ਫਿੱਟ ਹਨ ਤੇ ਉਨਾਂ ਨੇ 20-22 ਕਿਲੋ ਵਜਨ ਘਟਾ ਲਿਆ ਹੈ।  ਔਜਲਾ ਤੇ ਸਿੱਧੂ ਦੇ ਪਿਛਲੇ ਸਮੇਂ ਤੋਂ ਸੰਬੰਧ ਬਹੁਤੇ ਨਿੱਘੇ ਨਹੀਂ ਸਨ ਪਰ ਸਿਆਸੀ ਹਲਕਿਆਂ 'ਚ ਇਸ ਮੀਟਿੰਗ ਦੀ ਕਾਫੀ ਚਰਚਾ ਸੀ, ਕਿਉਂਕਿ ਸਿੱਧੂ ਵੀ ਪਾਰਟੀ ਦੇ ਕਈ ਆਗੂਆਂ ਨੂੰ ਮਿਲੇ ਹੀ ਨਹੀਂ ਸਨ। 

 

ਔਜਲਾ ਨੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੇ ਟਵੀਟ 'ਤੇ ਕਿਹਾ ਕਿ ਕਾਂਗਰਸ ਤੇ ਭਾਜਪਾ 'ਚ ਇਹੋ ਫਰਕ ਹੈ ਕਿ ਕਾਂਗਰਸ 'ਚ ਹਰ ਕੋਈ ਆਪਣੇ ਵਿਚਾਰ ਰੱਖ ਸਕਦਾ ਹੈ ਪਰ ਉਹ ਵੀ ਇਕ ਪਲੇਟਫਾਰਮ 'ਤੇ। ਦੂਜੇ ਪਾਸੇ ਰਾਜਾ ਵੜਿੰਗ ਦੀ ਅਗਵਾਈ 'ਚ ਪਾਰਟੀ ਸੂਬੇ 'ਚ ਲਗਾਤਾਰ ਅੱਗੇ ਵੱਧ ਰਹੀ ਹੈ। ਔਜਲਾ ਨੇ ਬੇਅਦਬੀ ਮੁੱਦੇ 'ਤੇ ਕੁੰਵਰ ਵਿਜੇ ਪ੍ਰਤਾਪ ਵੱਲੋਂ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ 'ਤੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸਿਰਫ ਬਿਆਨਬਾਜੀ ਤੱਕ ਨਹੀਂ ਰਹਿਣਾ ਚਾਹੀਦਾ ਸਗੋਂ ਪਾਰਟੀ ਦੇ ਬਾਕੀ ਵਿਧਾਇਕਾਂ ਨੂੰ  ਨਾਲ ਲੈ ਕੇ ਕੇਜਰੀਵਾਲ ਤੇ ਭਗਵੰਤ ਮਾਨ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿਉੰਕਿ ਕੇਜਰੀਵਾਲ ਤਾਂ ਖੁਦ ਕਹਿੰਦੇ ਸੀ ਕਿ ਇਹ ਮੁੱਦਾ 24 ਘੰਟਿਆਂ 'ਚ ਹੱਲ ਹੋਣ ਵਾਲਾ ਹੈ ਤੇ ਆਪ ਸਰਕਾਰ ਇਸ ਨੂੰ ਹੱਲ ਕਰੇਗੀ।

 


ਦਰਅਸਲ 'ਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੇ ਮਾਮਲੇ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਲਈ ਪਾਰਟੀ ਦੇ ਕਾਡਰਾਂ ਦੀ ਊਰਜਾ ਨੂੰ ਬਰਬਾਦ ਨਾ ਕਰੋ ਕਿਉਂਕਿ ਪੰਜਾਬ ਦੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਪਾਣੀ , ਐਲਐਸਡੀ ਆਦਿ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ ,ਜਿਨ੍ਹਾਂ 'ਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ। ਮੇਰੇ 'ਤੇ ਕੇਸ ਦਰਜ ਹੋਇਆ ਪਰ ਭੁਲੱਥ ਵਾਲਿਆਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਤੇ ਮੈਨੂੰ ਵਿਧਾਨ ਸਭਾ ਲਈ ਵੋਟ ਦਿੱਤੀ। ਜੇਕਰ ਸਾਡਾ ਨੇਤਾ ਇਮਾਨਦਾਰ ਹੈ ਤਾਂ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

 

ਦੱਸ ਦੇਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਾਰਤ ਭੂਸ਼ਣ ਆਸ਼ੂ ਲਈ ਵਿਜੀਲੈਂਸ ਭਵਨ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਰਾਜਾ ਵੜਿੰਗ (Amarinder Singh Raja Warring) ਨੇ ਇਸ ਗ੍ਰਿਫ਼ਤਾਰੀ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਗ੍ਰਿਫ਼ਤਾਰੀ ਚੋਰਾਂ ਵਾਂਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਕੋਲ ਆਸ਼ੂ ਵਿਰੁੱਧ 2000 ਕਰੋੜ ਰੁਪਏ ਦੇ ਟੈਂਡਰ ਘਪਲੇ ਵਿੱਚ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਦਾ ਨੁਕਸਾਨ ਹੀ ਹੋਵੇਗਾ।