ਜ਼ਰੂਰ ਪੜ੍ਹੋ- ਸਿੱਧੂ ਤੇ ਕੈਪਟਨ ਫਿਰ ਆਹਮੋ-ਸਾਹਮਣੇ, ਇਸ਼ਾਰਿਆਂ-ਇਸ਼ਾਰਿਆਂ 'ਚ ਬਹੁਤ ਕੁਝ ਕਹਿ ਗਏ
ਡਾ. ਸਿੱਧੂ ਦੀ ਗੈਰਹਾਜ਼ਰੀ ਦਰਮਿਆਨ ਗੁਰਜੀਤ ਸਿੰਘ ਔਜਲਾ ਨੇ ਹਲਕੀ ਬਾਰਸ਼ ਵਿੱਚ ਹਾਲ ਗੇਟ ਦੇ ਬਾਹਰੋਂ ਆਪਣਾ ਰੋਜ਼ਾ ਸ਼ੁਰੂ ਕੀਤਾ ਤੇ ਸਮਰਥਕਾਂ ਦੇ ਨਾਲ ਜੱਲ੍ਹਿਆਂਵਾਲਾ ਬਾਗ ਤਕ ਗਏ। ਇਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਔਜਲਾ ਉੱਪਰ ਫੁੱਲਾਂ ਦੀ ਵਰਖਾ ਕੀਤੀ ਤੇ ਇਸ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ। ਗੁਰਜੀਤ ਔਜਲਾ ਨੇ ਉਸੇ ਸਥਾਨ ਤੇ ਰੋਡ ਸ਼ੋਅ ਕੱਢਿਆ ਜਿਸ ਜਗ੍ਹਾ ਤੇ ਬੀਤੇ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਨੇ ਹਰਦੀਪ ਸਿੰਘ ਪੁਰੀ ਲਈ ਰੋਡ ਸ਼ੋਅ ਕੱਢਿਆ ਸੀ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ, ਗੁਰਜੀਤ ਔਜਲਾ ਲਈ ਡਟ ਕੇ ਪ੍ਰਚਾਰ ਕਰ ਚੁੱਕੇ ਹਨ। ਡਾ. ਸਿੱਧੂ ਨੇ ਗੁਰਜੀਤ ਔਜਲਾ ਦੇ ਹੱਕ ਵਿੱਚ 54 ਚੋਣ ਸਭਾਵਾਂ ਤੇ ਨੌਂ ਰੈਲੀਆਂ ਕੀਤੀਆਂ ਹਨ ਪਰ ਅੱਜ ਉਨ੍ਹਾਂ ਦੀ ਗ਼ੈਰਹਾਜ਼ਰੀ ਕਈ ਸਵਾਲ ਖੜ੍ਹੇ ਕਰ ਗਈ। ਦਰਅਸਲ, ਬੀਤੇ ਦਿਨਾਂ ਤੋਂ ਸਿੱਧੂ ਜੋੜੇ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਟਿਕਟ ਵੰਡ ਬਾਰੇ ਚੱਲ ਰਹੀ ਖਿੱਚੋਤਾਣ ਕਾਫੀ ਵੱਧ ਚੁੱਕੀ ਹੈ। ਦੋਵੇਂ ਧਿਰਾਂ ਇੱਕ-ਦੂਜੇ 'ਤੇ ਇਲਜ਼ਾਮ ਲਾ ਰਹੀਆਂ ਹਨ। ਕੈਪਟਨ ਕਹਿ ਰਹੇ ਹਨ ਕਿ ਉਨ੍ਹਾਂ ਸਿੱਧੂ ਦੀ ਚੰਡੀਗੜ੍ਹ ਤੋਂ ਟਿਕਟ ਨਹੀਂ ਰੱਦ ਕਰਵਾਈ ਬਲਕਿ ਪਾਰਟੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੇ ਬਠਿੰਡਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਖ਼ੁਦ ਇਸ ਤੋਂ ਮਨ੍ਹਾਂ ਕਰ ਦਿੱਤਾ।
ਇਹ ਵੀ ਪੜ੍ਹੋ- ਕੈਪਟਨ ਦਾ ਵੱਡਾ ਐਲਾਨ: ਆਮ ਚੋਣਾਂ 'ਚ ਕਾਂਗਰਸ ਦਾ ਪ੍ਰਦਰਸ਼ਨ ਮਾੜਾ ਰਿਹਾ ਤਾਂ ਛੱਡਾਂਗਾ ਮੁੱਖ ਮੰਤਰੀ ਦੀ ਕੁਰਸੀ
ਉੱਧਰ, ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟਿਕਟ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਨੇ ਰੱਦ ਕਰਵਾਈ ਹੈ। ਉਨ੍ਹਾਂ ਅੱਜ ਤਾਜ਼ਾ ਬਿਆਨ ਦਿੱਤਾ ਹੈ ਕਿ ਅੰਮ੍ਰਿਤਸਰ ਬਾਰੇ ਵੀ ਕੈਪਟਨ ਤੇ ਕੁਮਾਰੀ ਨੇ ਕਿਹਾ ਸੀ ਕਿ ਸਿੱਧੂ ਦੇ ਨਾਂਅ ਨਾਲ ਦੁਸ਼ਹਿਰਾ ਰੇਲ ਹਾਦਸਾ ਜੁੜਨ ਕਾਰਨ ਅਕਸ ਖਰਾਬ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਬਠਿੰਡਾ ਕਿਸੇ ਨੂੰ ਨਹੀਂ ਜਾਣਦੇ, ਉੱਥੇ ਕਿਵੇਂ ਚਲੇ ਜਾਣ।