ਅੰਮ੍ਰਿਤਸਰ : ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨੰਦੇੜ ਵਿਖੇ ਜਥੇਦਾਰ ਕੁਲਵੰਤ ਸਿੰਘ, ਪਰਵਿੰਦਰ ਸਿੰਘ ਪਸਰੀਚਾ, ਬਾਬਾ ਬਲਵਿੰਦਰ ਸਿੰਘ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਨਿਹੰਗ ਸਿੰਘ ਦਲਾਂ, ਸੇਵਾਪੰਥੀ ਸੰਪਰਦਾਵਾਂ ਨਾਨਕਸਰ ਸੰਪਰਦਾ ਤੇ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਅਤੇ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।


ਕੀਰਤਨ ਦਰਬਾਰ ਵਿੱਚ ਵੱਡੀ ਪੱਧਰ ਤੇ ਜੁੜੀ ਸੰਗਤ ਨੂੰ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਦੇ ਜਥੇਦਾਰ ਗਿਆਨੀ ਬਾਬਾ ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਫੂਲਾ ਸਿੰਘ ਪੱਕੇ ਗੁਰਸਿੱਖ, ਅੰਮਿ੍ਰਤਧਾਰੀ, ਰਹਿਣੀ-ਬਹਿਣੀ ਦੇ ਪੂਰੇ ਤੇ ਨਿਡਰ ਸੂਰਮੇ ਸਨ। ਆਪ ਨੇ ਅਕਾਲ ਪੁਰਖ ਤੋਂ ਛੁੱਟ ਕਦੇ ਕਿਸੇ ਦੁਨਿਆਵੀ ਵਿਅਕਤੀ ਦਾ ਡਰ ਜਾਂ ਭੈਅ ਆਪਣੇ ਮਨ ਵਿਚ ਨਹੀਂ ਸੀ ਰੱਖਿਆ ਤੇ ਨਾ ਹੀ ਆਪਣਾ ਮਸਤਕ ਕਿਸੇ ਅੱਗੇ ਝੁਕਾਇਆ ਸੀ। ਕਾਲ-ਰਹਿਤ ਪ੍ਰਭੂ ਦਾ ਸਦਾ ਸਿਪਾਹੀ ਹੋਣ ਦੇ ਨਾਤੇ ਵਡੇ ਤੋਂ ਵਡੇ ਖਤਰਿਆਂ ਨੂੰ ਵੰਗਾਰ ਸਕਣਾ ਆਪ ਦੀ ਸਖਸੀਅਤ ਦਾ ਇਕ ਵਿਸੇਸ ਗੁਣ ਸੀ। ਉਨ੍ਹਾਂ ਕਿਹਾ ਅਕਾਲੀ ਫੂਲਾ ਸਿੰਘ ਨੂੰ ਆਪਣੀ ਤਾਕਤ, ਹੌਸਲੇ ’ ਤੇ ਕੰਮ ਕਰ ਸਕਣ ਦੀ ਸਮਰੱਥਾ ਤੇ ਇਤਨਾ ਵਿਸਵਾਸ ਸੀ ਕਿ ਔਖੇ ਤੋਂ ਔਖਾ ਕੰਮ ਵੀ ਬਾਲ-ਖੇਡ ਵਾਂਗ ਸੌਖਾ ਤੇ ਸਾਧਾਰਣ ਬਣ ਕੇ ਰਹਿ ਜਾਂਦਾ ਸੀ ਅਤੇ ਸਫਲਤਾ ਸਦਾ ਉਸ ਦੇ ਕਦਮ ਚੁੰਮਦੀ ਸੀ। ਐਸੇ ਯੋਧੇ ਦੀ ਸ਼ਤਾਬਦੀ ਮਨਾਉਂਣੀ ਬਹੁਤ ਹੀ ਸ਼ਲਾਘਾ ਯੋਗ ਹੈ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਅਕਾਲੀ ਬਾਬਾ ਫੂਲਾ ਸਿੰਘ ਖਾਲਸਾ ਰਾਜ ਦੀਆਂ ਉਨ੍ਹਾਂ ਮਹਾਨ ਸਖਸੀਅਤਾਂ ਵਿਚੋਂ ਸਨ ਜਿਨ੍ਹਾਂ ਨੇ ਇਸ ਰਾਜ ਦੀ ਚੜ੍ਹਤ ਤੇ ਰਾਖੀ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ । ਉਨ੍ਹਾਂ ਕਿਹਾ ਜਦੋਂ ਮਿਸਲਾਂ ਦੇ ਸਰਦਾਰ ਇਲਾਕੇ ਜਿੱਤਣ ਤੋਂ ਰਾਜ ਸਥਾਪਿਤ ਕਰਨ ਲਗੇ ਹੋਏ ਸਨ ਤਾਂ ਉਦੋਂ ਅਕਾਲੀ ਫੂਲਾ ਸਿੰਘ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਪ੍ਰਬੰਧ ਠੀਕ ਕਰਕੇ ਸਿੱਖੀ ਅਸੂਲਾਂ ਤੇ ਪਹਿਰਾ ਦੇ ਰਹੇ ਸਨ । ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਹੈਸੀਅਤ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀਆਂ ਸਦਾਚਾਰਕ ਕਮਜੋਰੀਆਂ ਬਦਲੇ ਭਰੀ ਸੰਗਤ ਵਿਚ ਧਾਰਮਿਕ ਦੰਡ ਦੇ ਸਕਣਾ ਆਪ ਦੇ ਜੀਵਨ ਦਾ ਕਰਤਵ ਸੀ ।

ਕੀਰਤਨ ਦਰਬਾਰ ਵਿੱਚ ਪੰਥ ਦੇ ਸਿਰਮੌਰ ਰਾਗੀ ਭਾਈ ਇੰਦਰਜੀਤ ਸਿੰਘ ਖਾਲਸਾ, ਨਿਹੰਗ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ ਬਟਾਲਾ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਜੋਗਿੰਦਰ ਸਿੰਘ ਮੋਨੀ, ਭਾਈ ਗੁਰਪ੍ਰਤਾਪ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਗਾਇਨ ਕੀਤਾ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਲੋਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਤੇ ਪੰਜ ਪਿਆਰਿਆਂ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਸਤਾਰ, ਚੋਲਾ, ਸ੍ਰੀ ਸਾਹਿਬ ਪਹਿਨਾ ਕੇ ਨਿਵਾਜਿਆ। ਦਲ ਪੰਥ ਬੁੱਢਾ ਦਲ ਦੇ ਵਿਦਵਾਨ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਅਤੇ ਬਾਬਾ ਤਰਸੇਮ ਸਿੰਘ ਮੋਰਾਂਵਾਲੀ ਨੇ ਬਾਬਾ ਫੂਲਾ ਸਿੰਘ ਬਾਰੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਸੇਵਾਪੰਥੀ ਸੰਪਰਦਾ ਦੇ ਮੁਖੀ ਸੰਤ ਕਰਮਜੀਤ ਸਿੰਘ ਯਮੁਨਾ ਨਗਰ ਵਾਲਿਆਂ ਨੇ ਕਿਹਾ ਅੱਜ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਦਲੇਰ, ਨਿਡਰ ਸੂਰਮੇ ਜਥੇਦਾਰ ਦੀ ਲੋੜ ਭਾਸਦੀ ਹੈ ਜੋ ਪੰਥ ਦੀ ਅਗਵਾਈ ਕਰੇ, ਉਹ ਅਗਵਾਈ ਨਿਹੰਗ ਦਲ ਪੰਥ ਦੇ ਮੁਖੀ ਬਾਬਾ ਬਲਬੀਰ ਸਿੰਘ ਵਰਗਾ ਜਰਨੈਲ ਹੀ ਕਰ ਸਕਦਾ ਹੈ। ਇਸ ਵਕਤ ਬਾਬਾ ਬਲਬੀਰ ਸਿੰਘ ਨੇ 201 ਦੇਸੀ ਘਿਉ ਦੇ ਟੀਨ ਹਜ਼ੂਰ ਸਾਹਿਬ ਦੇ ਲੰਗਰ ਲਈ ਭੇਟ ਕੀਤੇ ਅਤੇ ਬੋਰਡ ਦੇ ਮੁਖੀ, ਤਖਤ ਸਾਹਿਬ ਦੇ ਸਾਰੇ ਸੇਵਾਦਾਰਾਂ ਤੇ ਪ੍ਰਮੁੱਖ ਧਾਰਮਿਕ ਵਿਅਕਤੀਆਂ ਨੂੰ ਬੁੱਢਾ ਦਲ ਵਲੋਂ ਸਨਮਾਨਿਤ ਕੀਤਾ ਗਿਆ।

ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਦਲ ਪੰਥ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਤੇ ਸਮੂਹ ਜਥੇਬੰਦੀਆਂ ਸੰਗਤਾਂ, ਸੰਸਥਾਵਾਂ ਨੂੰ ਬਾਬਾ ਫੂਲਾ ਸਿੰਘ ਜੀ ਦੀ ਮਨਾਈ ਜਾ ਰਹੀ ਸ਼ਤਾਬਦੀ ਸਮਾਗਮਾਂ ਵਿੱਚ ਵੱਧ ਚੜ ਕੇ ਸਮੂਲੀਅਤ ਕਰਨ ਦੀ ਅਪੀਲ ਕੀਤੀ ਤੇ ਕੀਰਤਨ ਦਰਬਾਰ ਕਰਾਉਣ ਸਮੇਂ ਦਿਤੇ ਸਹਿਯੋਗ ਲਈ ਬਾਬਾ ਕੁਲਵੰਤ ਸਿੰਘ, ਬਾਬਾ ਬਲਵਿੰਦਰ ਸਿੰਘ, ਪਰਵਿੰਦਰ ਸਿੰਘ ਪਸਰੀਚਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਿਮਰਤੀ ਗ੍ਰੰਥ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਵਲੋਂ ਤਿਆਰ ਕੀਤਾ ਜਾ ਰਿਹਾ ਹੈ ਜੋ ਵਿਸ਼ੇਸ਼ ਸਮਾਰੋਹ ‘ਚ ਰਲੀਜ਼ ਹੋਵੇਗਾ।