Punjab News : ਸੂਬੇ ਵਿੱਚ ਖੇਤੀਬਾੜੀ (AGRICULTURE) ਨੂੰ ਮੁੜ ਮੁਨਾਫ਼ੇ ਵਾਲਾ ਧੰਦਾ ਬਣਾਉਣ ਅਤੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਪੰਜਾਬ ਦੇ ਦੌਰੇ ‘ਤੇ ਆਏ ਕਰੋਸ਼ੀਆ ਅਤੇ ਸ੍ਰੀਲੰਕਾ ਦੇ ਵਫ਼ਦ ਨਾਲ ਵਿਚਾਰ-ਵਟਾਂਦਰਾ ਕੀਤਾ।
ਵਫ਼ਦ ਦਾ ਸੁਆਗਤ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਬਹੁਤ ਹੀ ਮਿਹਨਤੀ ਹਨ ਅਤੇ ਉਨ੍ਹਾਂ ਦੀਆਂ ਅਣਥੱਕ ਮਿਹਨਤ ਸਦਕਾ ਹੀ ਪੰਜਾਬ ਨੂੰ “ਦੇਸ਼ ਦੇ ਅੰਨਦਾਤਾ” ਦਾ ਖ਼ਿਤਾਬ ਮਿਲਿਆ ਹੈ ਪਰ ਹੁਣ ਸੂਬੇ ਦੇ ਖੇਤੀਬਾੜੀ ਅਰਥਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਤਕਨਾਲੋਜੀ, ਖੋਜ ਅਤੇ ਉਦਯੋਗਾਂ ਦੇ ਸਹਿਯੋਗ ਦੀ ਲੋੜ ਹੈ।
ਖੇਤੀਬਾੜੀ (AGRICULTURE) ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਖੇਤੀ ਵਿਭਿੰਨਤਾ ਲਿਆਉਣ ਲਈ ਯਤਨ ਕਰ ਰਹੀ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਛੇਤੀ ਖਰਾਬ ਹੋਣ ਵਾਲੇ ਫ਼ਲਾਂ ਅਤੇ ਸਬਜ਼ੀਆਂ ਦੀ ਸੰਭਾਲ ਅਤੇ ਨਿਰਯਾਤ ਨੂੰ ਵਧਾਉਣ ਦੇ ਨਾਲ-ਨਾਲ ਇਨ੍ਹਾਂ ਦੇ ਮੰਡੀਕਰਨ ਨੂੰ ਯਕੀਨੀ ਬਣਾਉਣ ਲਈ ਵੀ ਠੋਸ ਉਪਰਾਲੇ ਕਰ ਰਹੀ ਹੈ।
ਉਨ੍ਹਾਂ ਨੇ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਛੇਤੀ ਖਰਾਬ ਹੋਣ ਵਾਲੇ ਫ਼ਲਾਂ ਅਤੇ ਸਬਜ਼ੀਆਂ ਦੀ ਸੰਭਾਲ ਅਤੇ ਬਰਾਮਦ ਕਰਨ ਵਾਲੀਆਂ ਯੂਨਿਟਾਂ ਦੀ ਸੂਚੀ ਜਾਰੀ ਕਰਨ ਲਈ ਵੀ ਕਿਹਾ। ਵਫ਼ਦ ਨੂੰ ਸੂਬੇ ਦੇ ਖੇਤੀ ਸੈਕਟਰ ਵਿੱਚ ਜਾਣਕਾਰੀ ਸਾਂਝੀ ਕਰਨ ਅਤੇ ਨਿਵੇਸ਼ ਲਈ ਸੱਦਾ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਲਈ ਕਰੋਸ਼ੀਆ ਅਤੇ ਸ੍ਰੀਲੰਕਾ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।
ਖੇਤੀਬਾੜੀ ਸੈਕਟਰ ਵਿੱਚ ਪੰਜਾਬ ਨਾਲ ਮਿਲ ਕੇ ਕੰਮ ਕਰਨ ਵਿੱਚ ਦਿਲਚਸਪੀ ਦਿਖਾਉਂਦਿਆਂ ਕਰੋਸ਼ੀਆ ਬਿਜ਼ਨਸ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਮਿਆਂਕ ਜਗਵਾਨੀ, ਵਾਈਸ ਪ੍ਰਧਾਨ ਕੁਮਾਰੀ ਸ਼ਵੇਤਾ, ਕੁਮਾਰੀ ਨਿਕੋਲਾ ਅਤੇ ਸ਼੍ਰੀਲੰਕਾ ਤੋਂ ਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਕਾਂ ਵਿੱਚ ਬਾਸਮਤੀ ਚੌਲ, ਸ਼ਹਿਦ, ਹਲਦੀ ਵਗੈਰਾ ਦੀ ਭਾਰੀ ਮੰਗ ਹੈ। ਕਰੋਸ਼ੀਆ ਤੋਂ ਆਏ ਵਫ਼ਦ ਨੇ ਦੱਸਿਆ ਕਿ ਇਸ ਸਾਲ ਨਵੰਬਰ ਮਹੀਨੇ ਵਿੱਚ ਇੱਕ ਵਪਾਰਕ ਵਫ਼ਦ ਪੰਜਾਬ ਦਾ ਦੌਰਾ ਕਰੇਗਾ ਅਤੇ ਖੇਤੀਬਾੜੀ ਸੈਕਟਰ ਵਿੱਚ ਕੰਮ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰੇਗਾ।
ਅਫਰੀਕਾ ਤੋਂ ਆਏ ਕਿਸਾਨਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਐਵੋਕਾਡੋ ਦੀ ਖੇਤੀ ਪੰਜਾਬ ਦੇ ਕਿਸਾਨਾਂ ਲਈ ਬਹੁਤ ਲਾਭਦਾਇਕ ਹੋ ਸਕਦੀ ਹੈ। ਅਗਾਂਹਵਧੂ ਕਿਸਾਨ ਹਰਮਨ ਥਿੰਦ ਨੇ ਦੱਸਿਆ ਕਿ ਸੂਬੇ ਵਿੱਚ ਕੁਝ ਕਿਸਾਨ ਪਹਿਲਾਂ ਹੀ ਐਵੋਕਾਡੋ ਦੀ ਕਾਸ਼ਤ ਸ਼ੁਰੂ ਕਰ ਚੁੱਕੇ ਹਨ ਅਤੇ ਇਸ ਦੇ ਮੰਡੀਕਰਨ ਵਿੱਚ ਵੀ ਬਹੁਤੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਪੀ.ਏ.ਯੂ. ਦੇ ਉਪ ਕੁਲਪਤੀ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਉਹ ਕਰੋਸ਼ੀਆ ਤੋਂ ਆਉਣ ਵਾਲੇ ਸੇਬ ਅਤੇ ਹੋਰ ਫਲਾਂ ਦੀਆਂ ਨਰਸਰੀਆਂ ਤਿਆਰ ਕਰਨ ਬਾਰੇ ਖੋਜ ਕਰਨਗੇ। ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਵਿਭਾਗ ਕੇ.ਏ.ਪੀ. ਸਿਨਹਾ, ਸਕੱਤਰ ਅਰਸ਼ਦੀਪ ਥਿੰਦ, ਸਾਬਕਾ ਵਧੀਕ ਪ੍ਰਬੰਧਕ ਨਿਰਦੇਸ਼ਕ ਮਾਰਕਫੈੱਡ ਬਾਲ ਮੁਕੰਦ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।